ਖੱਖ ਪ੍ਰੋਡਕਸ਼ਨ ਨੇ ਮਾਰਿਆ ਕਬੱਡੀ ਖਿਡਾਰੀਆਂ ਦੇ ਹੱਕ 'ਚ ਹਾਅ ਦਾ ਨਾਅਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗ੍ਰਿਫਥ ਖੇਡਾਂ 'ਚ ਮਾਲੀ ਮਦਦ ਦੀ ਕੀਤੀ ਪੇਸ਼ਕਸ਼

Melbourne

ਮੈਲਬੌਰਨ (ਪਰਮਵੀਰ ਸਿੰਘ ਆਹਲੂਵਾਲੀਆ)- ਆਸਟਰੇਲੀਆ ਦੀ ਖੱਖ ਪ੍ਰੋਡਕਸ਼ਨ ਦੇ ਪ੍ਰਬੰਧਕਾਂ ਨੇ ਕਬੱਡੀ ਦੇ ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਸਟ੍ਰੇਲੀਆਂ ਦੇ ਗ੍ਰਿਫ਼ਥ ਵਿਚ ਹੋਣ ਵਾਲੀਆਂ ਖੇਡਾਂ ਵਿਚ ਸ਼ਾਮਲ ਹੋਣ, ਉਨ੍ਹਾਂ ਨੂੰ ਬਣਦਾ ਖ਼ਰਚਾ ਜ਼ਰੂਰ ਦਿੱਤਾ ਜਾਵੇਗਾ ਇਸ ਮੌਕੇ ਗੱਲਬਾਤ ਕਰਦਿਆਂ ਖੱਖ ਪ੍ਰੋਡਕਸ਼ਨ ਦੇ ਪ੍ਰਬੰਧਕਾਂ ਲਵ ਖੱਖ, ਅਰਸ਼ ਖੱਖ ਤੇ ਸਾਬੀ ਸਿੰਘ ਨੇ ਆਖਿਆ ਕਿ ਗ੍ਰਿਫਥ ਖੇਡਾਂ ਵਿਚ ਕਬੱਡੀ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੀ ਹੈ। 

ਜੇਕਰ ਕਬੱਡੀ ਖਿਡਾਰੀ ਹੀ ਨਹੀਂ ਆਉਣਗੇ ਤਾਂ ਇਸ ਖੇਡ ਮੇਲੇ ਵਿਚ ਰੌਣਕ ਨਹੀਂ ਲੱਗੇਗੀ। ਦਰਅਸਲ ਆਸਟ੍ਰੇਲੀਆ ਦੇ ਕੁਝ ਕਲੱਬਾਂ ਨੇ ਇਹ ਕਹਿੰਦੇ ਹੋਏ ਗ੍ਰਿਫਥ ਖੇਡਾਂ ਵਿਚ ਭਾਗ ਲੈਣ ਤੋਂ ਇਨਕਾਰ ਕਰ ਦਿਤਾ ਹੈ ਕਿ ਗ੍ਰਿਫ਼ਥ ਖੇਡ ਕਮੇਟੀ ਵਲੋਂ ਕਬੱਡੀ ਖਿਡਾਰੀਆਂ ਨੂੰ ਖ਼ਰਚ ਨਹੀਂ ਦਿੱਤਾ ਜਾਂਦਾ। ਇਸ ਕਰਕੇ ਉਹ ਇਸ ਸਾਲ ਗ੍ਰਿਫ਼ਥ ਖੇਡਾਂ ਵਿਚ ਭਾਗ ਨਹੀਂ ਲੈਣਗੇ।

ਇਸ ਤੋਂ ਬਾਅਦ ਹੀ ਖੱਖ ਪ੍ਰੋਡਕਸ਼ਨ ਦੇ ਪ੍ਰਬੰਧਕਾਂ ਨੇ ਇਹ ਐਲਾਨ ਕੀਤਾ ਹੈ ਕਿ ਖੱਖ ਪ੍ਰੋਡਕਸ਼ਨ ਪਿਛਲੇ ਦਿਨੀਂ ਪਹਿਲਾ ਕਬੱਡੀ ਕੱਪ ਕਰਵਾ ਕੇ ਕਬੱਡੀ ਦੇ ਖੇਤਰ ਵਿਚ ਅਪਣਾ ਵਿਸ਼ੇਸ਼ ਸਥਾਨ ਬਣਾ ਚੁੱਕੀ ਹੈ। ਦੱਸ ਦਈਏ ਕਿ ਆਸਟਰੇਲੀਆ ਦੇ ਇਲਾਕੇ ਗ੍ਰਿਫਥ ਵਿਚ ਹਰ ਸਾਲ ਜੂਨ ਮਹੀਨੇ ਖੇਡਾਂ ਕਰਵਾਇਆਂ ਜਾਂਦੀਆਂ ਹਨ, ਜਿਸ ਵਿਚ ਆਸਟ੍ਰੇਲੀਆ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਤੋਂ ਵੀ ਦਰਸ਼ਕ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹਨ।