ਕੈਨੇਡਾ : ਸਕੂਲਾਂ ’ਚ ਨਸਲਵਾਦ ਲਈ ਕੋਈ ਥਾਂ ਨਹੀਂ : ਸਟੀਫ਼ਨ ਲੈਚੇ
ਕੈਨੇਡਾ ਦੇ ਉਨਟਾਰੀਉ ਸੂਬੇ ਦੀ ਸਰਕਾਰ ਸਕੂਲਾਂ ’ਚ ਏਸ਼ੀਆਈ ਭਾਈਚਾਰੇ ਵਿਰੁੱਧ ਨਫ਼ਰਤ ਨਾਲ ਨਜਿੱਠਣ ਲਈ 3 ਲੱਖ 40 ਹਜ਼ਾਰ ਡਾਲਰ ਖਰਚੇਗੀ
ਟੋਰਾਂਟੋ : ਕੈਨੇਡਾ ਦੇ ਉਨਟਾਰੀਉ ਸੂਬੇ ਦੀ ਸਰਕਾਰ ਸਕੂਲਾਂ ’ਚ ਏਸ਼ੀਆਈ ਭਾਈਚਾਰੇ ਵਿਰੁੱਧ ਨਫ਼ਰਤ ਨਾਲ ਨਜਿੱਠਣ ਲਈ 3 ਲੱਖ 40 ਹਜ਼ਾਰ ਡਾਲਰ ਖਰਚੇਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਸਕੂਲਾਂ ਵਿੱਚ ਏਸ਼ੀਆਈ ਭਾਈਚਾਰੇ ਦੇ ਬੱਚਿਆਂ ਨਾਲ ਹੋਣ ਵਾਲੀ ਨਸਲੀ ਨਫ਼ਰਤ ਨੂੰ ਕੁਝ ਹੱਦ ਤੱਕ ਨੱਥ ਪਾਈ ਜਾ ਸਕੇਗੀ।
ਉਨਟਾਰੀਉ ਦੇ ਸਿੱਖਿਆ ਮੰਤਰੀ ਸਟੀਫ਼ਨ ਲੈਚੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਸਲਵਾਦ ਅਤੇ ਵਿਤਕਰੇ ਲਈ ਸਾਡੇ ਸਕੂਲਾਂ ਵਿੱਚ ਕੋਈ ਥਾਂ ਨਹੀਂ ਹੈ। ਕਲਾਸਾਂ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਸਾਰੇ ਭਾਈਚਾਰਿਆਂ ਦੇ ਬੱਚੇ ਸਕੂਲਾਂ ਵਿੱਚ ਪਿਆਰ ਨਾਲ ਪੜ੍ਹਾਈ ਕਰ ਰਹੇ ਹਨ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਸਲੀ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਰਕਾਰ ਵੱਲੋਂ ਤਾਜ਼ਾ ਐਲਾਨੀ ਗਈ ਰਾਸ਼ੀ ਦਾ ਕੁਝ ਹਿੱਸਾ ਵਿਦਿਆਰਥੀਆਂ ਨੂੰ ਭਾਈਚਾਰਕ ਸਾਂਝ ਵਧਾਉਣ ਵਾਲਾ ਮਾਹੌਲ ਮੁਹੱਈਆ ਕਰਵਾਉਣ ਲਈ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਏਸ਼ੀਆਈ ਮੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵੀ ਰਾਸ਼ੀ ਖਰਚੀ ਜਾਵੇਗੀ।
ਰਾਸ਼ੀ ਦਾ ਕੁਝ ਹਿੱਸਾ ਆਨਲਾਈਨ ਸਰੋਤਾਂ ਅਤੇ ਔਜਾਰਾਂ ਦੇ ਵਿਕਾਸ ਲਈ ਵੀ ਖਰਚਿਆ ਜਾਵੇਗਾ, ਜਿਸ ਨਾਲ ਚੀਨੀ ਮੂਲ ਦੇ ਕੈਨੇਡੀਅਨ ਘਰਾਣੇ ਆਪਣੇ ਬੱਚਿਆਂ ਨਾਲ ਨਸਲਵਾਦ ਬਾਰੇ ਗੱਲ ਕਰ ਸਕਣਗੇ। ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਉਨਟਾਰੀਓ ਸਰਕਾਰ ਵੱਲੋਂ ‘ਸੇਫ਼ ਰਿਟਰਨ ਟੂ ਕਲਾਸ ਫੰਡ’ ਦੇ ਹਿੱਸੇ ਵਜੋਂ ਬਰਾਬਰੀ ਨਾਲ ਸਬੰਧਤ ਪ੍ਰੋਜੈਕਟਾਂ ’ਤੇ ਕੁੱਲ ਮਿਲਾ ਕੇ ਸੂਬੇ ’ਚ 6.4 ਮਿਲੀਅਨ ਡਾਲਰ ਖਰਚੇ ਜਾ ਰਹੇ ਹਨ।