ਰੂਸ ਇਸ ਸਾਲ ਦੇ ਅੰਤ ਤੱਕ ਹਾਰ ਜਾਵੇਗਾ ਯੁੱਧ - ਯੂਕਰੇਨ ਦਾ ਦਾਅਵਾ
ਰਾਸ਼ਟਰਪਤੀ ਪੁਤਿਨ ਨੂੰ ਹਟਾਉਣ ਲਈ ਤਖਤਾਪਲਟ ਦਾ ਕੰਮ ਜਾਰੀ
ਕੀਵ : ਰੂਸ-ਯੂਕਰੇਨ ਜੰਗ ਨੂੰ 79 ਦਿਨ ਬੀਤ ਚੁੱਕੇ ਹਨ। ਯੂਕਰੇਨ ਦੇ ਸ਼ਹਿਰਾਂ 'ਤੇ ਰੂਸੀ ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਯੂਕਰੇਨ ਦੀ ਖੂਫ਼ੀਆ ਏਜੰਸੀ ਦੇ ਮੁਖੀ ਨੇ ਦਾਅਵਾ ਕੀਤਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਰੂਸ ਇਸ ਸਾਲ ਦੇ ਅੰਤ ਤੱਕ ਜੰਗ ਹਾਰ ਜਾਵੇਗਾ। ਮੇਜਰ ਜਨਰਲ ਕਿਰਿਲੋ ਬੁਡਾਨੋਵ ਨੇ ਕਿਹਾ ਕਿ ਅਗਸਤ ਵਿੱਚ ਇਸ ਲੜਾਈ ਵਿੱਚ ਇੱਕ ਨਵਾਂ ਮੋੜ ਆਵੇਗਾ।
ਰਿਪੋਰਟਾਂ ਮੁਤਾਬਕ ਪੁਤਿਨ ਨੂੰ ਬਲੱਡ ਕੈਂਸਰ ਹੈ। ਇਸ ਬਾਰੇ ਮੇਜਰ ਜਨਰਲ ਕਿਰਿਲੋ ਬੁਡਾਨੋਵ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਲੜਾਈ ਖ਼ਤਮ ਹੋ ਜਾਵੇਗੀ। ਇਸ ਤੋਂ ਬਾਅਦ ਰੂਸ ਵਿਚ ਸੱਤਾ ਤਬਦੀਲੀ ਹੋਵੇਗੀ। ਇਸ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਕਿਹਾ ਕਿ ਯੂਕਰੇਨ ਹੁਣ ਯੁੱਧ ਦੇ ਲੰਬੇ ਦੌਰ ਵਿੱਚ ਦਾਖ਼ਲ ਹੋ ਰਿਹਾ ਹੈ।
ਉਸ ਨੇ ਕਿਹਾ ਕਿ ਯੂਕਰੇਨ ਨੇ ਰੂਸ ਨੂੰ ਆਪਣੇ ਟੀਚਿਆਂ 'ਤੇ ਹਮਲਾ ਕਰਨ ਤੋਂ ਰੋਕਿਆ ਹੈ ਅਤੇ ਉਸ ਨੂੰ ਫੌਜੀ ਕਾਰਵਾਈਆਂ ਨੂੰ ਘਟਾਉਣ ਲਈ ਮਜਬੂਰ ਕੀਤਾ ਹੈ। ਰੇਜ਼ਨੀਕੋਵ ਨੇ ਕਿਹਾ ਕਿ ਸਾਨੂੰ ਯੁੱਧ ਜਿੱਤਣ ਲਈ ਸਾਵਧਾਨੀ ਨਾਲ ਯੋਜਨਾ ਬਣਾਉਣੀ ਚਾਹੀਦੀ ਹੈ, ਗਲਤੀਆਂ ਤੋਂ ਬਚਣਾ ਚਾਹੀਦਾ ਹੈ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਤਾਂ ਜੋ ਅੰਤ ਵਿੱਚ ਦੁਸ਼ਮਣ ਸਾਡੇ ਸਾਹਮਣੇ ਖੜ੍ਹਾ ਨਾ ਹੋ ਸਕੇ।