ਸਮੋਸਿਆਂ ਤੋਂ ਬਾਅਦ ਹੁਣ ਗੋਲਗੱਪੇ ਵੀ ਬਣਦੇ ਜਾ ਰਹੇ ਨੇ ਅਮਰੀਕੀਆਂ ਦੀ ਪਸੰਦ, ਵ੍ਹਾਈਟ ਹਾਊਸ ਦੇ ਸਮਾਗਮਾਂ ’ਚ ਲਗਾਤਾਰ ਮਿਲ ਰਹੀ ਹੈ ਥਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ’ਚ ਮਨਾਇਆ ਗਿਆ ਏਸ਼ੀਅਨ ਅਮੈਰੀਕਨ ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ’ ਵਿਰਾਸਤੀ ਮਹੀਨਾ

Ajay Jain Bhutoria in White House

ਵਾਸ਼ਿੰਗਟਨ: ਭਾਰਤ ਦਾ ਪ੍ਰਸਿੱਧ ‘ਸਟ੍ਰੀਟ ਫੂਡ’ ਗੋਲਗੱਪਾ ਵ੍ਹਾਈਟ ਹਾਊਸ ਦੇ ਜਸ਼ਨਾਂ ਦੀ ਭੋਜਨ ਸੂਚੀ ’ਚ ਲਗਾਤਾਰ ਥਾਂ ਬਣਾ ਰਿਹਾ ਹੈ। ਇਸ ਨੂੰ ਪਿਛਲੇ ਸਾਲ ਕਈ ਮੌਕਿਆਂ ’ਤੇ ਮੀਨੂ (ਭੋਜਨ ਸੂਚੀ) ’ਚ ਸ਼ਾਮਲ ਕੀਤਾ ਗਿਆ ਸੀ। ਸੋਮਵਾਰ ਨੂੰ ਰਾਸ਼ਟਰਪਤੀ ਜੋਅ ਬਾਈਡਨ ਵਲੋਂ ਰੋਜ਼ ਗਾਰਡਨ ’ਚ ‘ਏਸ਼ੀਅਨ ਅਮੈਰੀਕਨ ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ’ (ਏ.ਏ.ਐੱਨ.ਐੱਚ.ਪੀ.ਆਈ.) ਵਿਰਾਸਤੀ ਮਹੀਨਾ ਮਨਾਉਣ ਲਈ ਕਰਵਾਏ ਇਕ ਪ੍ਰੋਗਰਾਮ ’ਚ ਮਹਿਮਾਨਾਂ ਨੂੰ ਖਾਣ ਲਈ ਗੋਲਗੱਪਾ ਵੀ ਦਿਤਾ ਗਿਆ। 

ਕੋਵਿਡ-19 ਵਿਰੁਧ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰੀਕੀ ਸਰਜਨ ਜਨਰਲ ਡਾ. ਵਿਵੇਕ ਮੂਰਤੀ ਸਮੇਤ ਕਈ ਏਸ਼ੀਆਈ ਅਮਰੀਕੀ ਅਤੇ ਭਾਰਤੀ ਅਮਰੀਕੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਹੁਣ ਤਕ ਵ੍ਹਾਈਟ ਹਾਊਸ ਲਈ ਪ੍ਰੋਗਰਾਮਾਂ ਦੇ ਮੀਨੂ ’ਚ ਸਮੋਸਾ ਹੀ ਵੇਖਿਆ ਜਾਂਦਾ ਸੀ ਪਰ ਹੁਣ ਕਈ ਮੌਕਿਆਂ ’ਤੇ ਗੋਲਗੱਪੇ ਵੀ ਮੀਨੂ ’ਚ ਸ਼ਾਮਲ ਕੀਤੇ ਜਾ ਰਹੇ ਹਨ। 

ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ’ਚ ਕਰਵਾਏ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਆਗੂ ਅਜੇ ਜੈਨ ਭੁਟੋਰੀਆ ਨੇ ਕਿਹਾ, ‘‘ਪਿਛਲੇ ਸਾਲ ਜਦੋਂ ਮੈਂ ਇੱਥੇ ਆਇਆ ਸੀ ਤਾਂ ਗੋਲਗੱਪਾ ਮੀਨੂ ’ਚ ਸੀ। ਇਸ ਸਾਲ ਵੀ, ਮੈਂ ਇਸ ਦਾ ਸੁਆਦ ਲੈਣ ਲਈ ਉਤਸੁਕ ਸੀ ਅਤੇ ਅਚਾਨਕ ਇਕ ਵੇਟਰ ਗੋਲਗੱਪੇ ਲੈ ਕੇ ਆਇਆ। ਉਹ ਸ਼ਾਨਦਾਰ ਸੀ। ਇਸ ਦਾ ਸਵਾਦ ਥੋੜਾ ਤਿੱਖਾ ਸੀ, ਬਹੁਤ ਵਧੀਆ!’’

ਭੁਟੋਰੀਆ ਨੇ ਵ੍ਹਾਈਟ ਹਾਊਸ ਦੀ ਕਾਰਜਕਾਰੀ ਸ਼ੈੱਫ ਕ੍ਰਿਸਟੇਟਾ ਕੋਮਰਫੋਰਡ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੋਲਗੱਪਿਆਂ ਬਾਰੇ ਪੁਛਿਆ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਤੋਂ ਪੁਛਿਆ ‘ਕੀ ਤੁਸੀਂ ਗੋਲਗੱਪੇ ਬਣਾਏ ਹਨ’, ਉਨ੍ਹਾਂ ਨੇ ਕਿਹਾ, ‘ਹਾਂ, ਅਸੀਂ ਵ੍ਹਾਈਟ ਹਾਊਸ ਵਿਚ ਸੱਭ ਕੁੱਝ ਬਣਾਇਆ ਹੈ।’’ ਭੁਟੋਰੀਆ ਨੇ ਕਿਹਾ ਕਿ ਤਿਉਹਾਰ ਦੇ ਮੀਨੂ ਵਿਚ ਇਕ ਹੋਰ ਭਾਰਤੀ ਪਕਵਾਨ ‘ਖੋਆ’ ਵੀ ਸ਼ਾਮਲ ਕੀਤਾ ਗਿਆ ਹੈ। 

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਸ ਦਾ ਸੁਆਦ ਮਿੱਠਾ ਸੀ ਅਤੇ ਇਹ ਖੋਏ ਤੋਂ ਬਣਾਇਆ ਗਿਆ ਸੀ। ਉਹ ਬਿਲਕੁਲ ਅਦਭੁੱਤ ਸੀ।  .ਐਨ.ਐਚ.ਪੀ.ਆਈ. ਵਿਰਾਸਤੀ ਮਹੀਨੇ ਦੇ ਜਸ਼ਨਾਂ ’ਚ ਸਾਰੇ ਏਸ਼ੀਆਈ ਅਮਰੀਕੀ ਭਾਈਚਾਰਿਆਂ ਖਾਸ ਕਰ ਕੇ ਭਾਰਤੀ ਅਮਰੀਕੀ ਗੋਲਗੱਪਾ ਅਤੇ ਖੋਆ ਦੇ ਭੋਜਨ ਅਤੇ ਪਕਵਾਨਾਂ ਨੂੰ ਵੇਖਣਾ ਬਹੁਤ ਵਧੀਆ ਸੀ।’’

ਵ੍ਹਾਈਟ ਹਾਊਸ ’ਚ ਵਜੀ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗੀਤ ਦੀ ਧੁਨ

ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਮਰੀਨ ਬੈਂਡ ਨੇ ਸੋਮਵਾਰ ਨੂੰ ਕਈ ਏਸ਼ੀਆਈ ਅਮਰੀਕੀਆਂ ਦੇ ਸਾਹਮਣੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗੀਤ ਦੀ ਧੁਨ ਵਜਾਈ। ‘ਏਸ਼ੀਅਨ ਅਮੈਰੀਕਨ ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ’ (ਏ.ਏ.ਐੱਨ.ਐੱਚ.ਪੀ.ਆਈ.) ਵਿਰਾਸਤੀ ਮਹੀਨਾ ਮਨਾਉਣ ਲਈ ਵ੍ਹਾਈਟ ਹਾਊਸ ਵਿਚ ਇਕ ਸਵਾਗਤ ਸਮਾਰੋਹ ਵਿਚ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਇਕੱਠੇ ਹੋਏ। 

ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਮੁਹੰਮਦ ਇਕਬਾਲ ਵਲੋਂ ਲਿਖੇ ਦੇਸ਼ ਭਗਤੀ ਦੇ ਗੀਤ ਦੀ ਧੁਨ ਭਾਰਤੀ ਅਮਰੀਕੀਆਂ ਦੀ ਬੇਨਤੀ ’ਤੇ ਮਰੀਨ ਬੈਂਡ ਵਲੋਂ ਦੋ ਵਾਰ ਵਜਾਈ ਗਈ ਸੀ। ਇਸ ਸਲਾਨਾ ਸਮਾਰੋਹ ਲਈ ਰਾਸ਼ਟਰਪਤੀ ਨੇ ਭਾਰਤੀ-ਅਮਰੀਕੀਆਂ ਨੂੰ ਸੱਦਾ ਦਿਤਾ ਸੀ। 

ਭਾਰਤੀ-ਅਮਰੀਕੀ ਭਾਈਚਾਰੇ ਦੇ ਨੇਤਾ ਅਜੇ ਜੈਨ ਭੁਟੋਰੀਆ ਨੇ ਸਮਾਰੋਹ ਤੋਂ ਬਾਅਦ ਇਕ ਇੰਟਰਵਿਊ ’ਚ ਕਿਹਾ, ‘‘ਰੋਜ਼ ਗਾਰਡਨ ’ਚ ਵ੍ਹਾਈਟ ਹਾਊਸ ਦਾ ਏ.ਏ.ਐੱਨ.ਐੱਚ.ਪੀ.ਆਈ. ਹੈਰੀਟੇਜ ਮੰਥ ਪ੍ਰੋਗਰਾਮ ਬਿਲਕੁਲ ਸ਼ਾਨਦਾਰ ਸੀ। ਸੱਭ ਤੋਂ ਵਧੀਆ ਗੱਲ ਇਹ ਸੀ ਕਿ ਜਿਵੇਂ ਹੀ ਮੈਂ ਵ੍ਹਾਈਟ ਹਾਊਸ ਵਿਚ ਗਿਆ, ਸੰਗੀਤਕਾਰਾਂ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗੀਤ ਦੀ ਧੁਨ ਨਾਲ ਮੇਰਾ ਸਵਾਗਤ ਕੀਤਾ।’’ 

ਇਕ ਸਾਲ ਤੋਂ ਵੀ ਘੱਟ ਸਮੇਂ ’ਚ ਇਹ ਦੂਜੀ ਵਾਰ ਸੀ ਜਦੋਂ ਵ੍ਹਾਈਟ ਹਾਊਸ ’ਚ ਇਕ ਪ੍ਰਸਿੱਧ ਭਾਰਤੀ ਦੇਸ਼ ਭਗਤੀ ਗੀਤ ਵਜਾਇਆ ਗਿਆ ਸੀ। ਪਿਛਲੀ ਵਾਰ ਅਜਿਹਾ ਪਿਛਲੇ ਸਾਲ ਜੂਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਸਰਕਾਰੀ ਯਾਤਰਾ ਦੌਰਾਨ ਕੀਤਾ ਗਿਆ ਸੀ। ਮਰੀਨ ਬੈਂਡ ਨੇ ਕਿਹਾ ਕਿ ਉਸ ਨੇ ਮੋਦੀ ਦੇ ਦੌਰੇ ਤੋਂ ਪਹਿਲਾਂ ਇਸ ਦਾ ਅਭਿਆਸ ਕੀਤਾ ਸੀ। 

ਕੈਲੀਫੋਰਨੀਆ ’ਚ ਰਹਿਣ ਵਾਲੇ ਭੂਟੋਰੀਆ ਨੇ ਕਿਹਾ, ‘‘ਮੈਨੂੰ ਬਹੁਤ ਚੰਗਾ ਲੱਗਾ। ਵ੍ਹਾਈਟ ਹਾਊਸ ਵਿਚ ਇਹ ਮੇਰੇ ਲਈ ਮਾਣ ਵਾਲਾ ਪਲ ਸੀ। ਮੈਂ ਉਸ ਨਾਲ ਗਾਉਣਾ ਸ਼ੁਰੂ ਕੀਤਾ ਅਤੇ ਫਿਰ ਮੈਂ ਉਸ ਨੂੰ ਇਕ ਵਾਰ ਫਿਰ ਇਸ ਨੂੰ ਵਜਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਮੇਰੀ ਬੇਨਤੀ ਮੰਨ ਲਈ ਅਤੇ ਮੈਨੂੰ ਦਸਿਆ ਕਿ ਉਹ ਇਸ ਨੂੰ ਦੂਜੀ ਵਾਰ ਵਜਾ ਰਹੇ ਹਨ। ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਤਾਂ ਉਨ੍ਹਾਂ ਨੇ ਇਸ ਨੂੰ ਵਜਾਇਆ ਸੀ ਅਤੇ ਉਸ ਤੋਂ ਬਾਅਦ ਅੱਜ ਉਹ ਦੁਬਾਰਾ ਵਜਾ ਰਹੇ ਹਨ। ਇਹ ਬਹੁਤ ਹੀ ਦਿਲਚਸਪ ਨਜ਼ਾਰਾ ਹੈ ਕਿ ਅੱਜ ਵ੍ਹਾਈਟ ਹਾਊਸ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗੀਤ ਸੁਣਿਆ।’’ ਇਸ ਸਮਾਰੋਹ ਦੌਰਾਨ ਅਮਰੀਕੀ ਸਰਜਨ ਜਨਰਲ ਡਾ. ਵਿਵੇਕ ਮੂਰਤੀ ਨੇ ਢੋਲ ਵਜਾ ਕੇ ਉੱਥੇ ਮੌਜੂਦ ਸੈਂਕੜੇ ਲੋਕਾਂ ਨੂੰ ਮੰਤਰਮੁਗਧ ਕਰ ਦਿਤਾ।