ਕੋਰੋਨਾ: ਭਾਰਤ ਤੋਂ ਸਿੱਧੀਆਂ ਉਡਾਣਾਂ ਹੋਈਆਂ ਬੰਦ, ਵੱਧ ਕੀਮਤ ਦੇ ਕੇ ਵਿਦਿਆਰਥੀ ਜਾ ਰਹੇ ਨੇ ਵਿਦੇਸ਼ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਸਿੱਧੇ ਰਸਤਿਆਂ ਲਈ ਹਵਾਈ ਕਿਰਾਇਆ ਸਿੱਧੀਆਂ ਉਡਾਣਾਂ ਦੀ ਤੁਲਣਾ ਵਿਚ 2-3 ਗੁਣਾ ਜ਼ਿਆਦਾ ਹੈ।

students going abroad at higher prices

ਟੋਰਾਂਟੋ: ਇਕ ਵਾਰ ਫਿਰ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹੁਣ ਵਿਦਿਆਰਥੀਆਂ ਨੂੰ ਬਾਹਰ ਜਾਣ ਲਈ ਵੱਡੀ ਮਾਤਰਾ ਵਿਚ ਭੁਗਤਾਨ ਕਰਨਾ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ, ਜਿਨ੍ਹਾਂ ਨੇ ਕੈਨੇਡੀਅਨ ਯੂਨੀਵਰਸਿਟੀਆਂ ਵਿਚ ਦਾਖ਼ਲਾ ਲਿਆ ਹੈ, ਉਹ ਵੱਧ ਖ਼ਰਚਿਆਂ ਦੇ ਬਵਾਜੂਦ ਵਿਦੇਸ਼ ਜਾਣ ਲਈ ਅਸਿੱਧੇ ਰਸਤਿਆਂ ਨੂੰ ਅਪਣਾ ਰਹੇ ਹਨ।

ਉਨ੍ਹਾਂ ਵਿਚੋਂ ਜ਼ਿਆਦਾਤਰ ਜਮਰਨੀ, ਮੈਕਸੀਕੋ, ਮਲੇਸ਼ੀਆ, ਮਾਲਦੀਵ, ਸਰਬੀਆ, ਕਤਰ ਅਤੇ ਹੋਰ ਦੇਸ਼ਾਂ ਤੋਂ ਹੋ ਕੇ ਜਾ ਰਹੇ ਹਨ। ਇਨ੍ਹਾਂ ਅਸਿੱਧੇ ਰਸਤਿਆਂ ਲਈ ਹਵਾਈ ਕਿਰਾਇਆ ਸਿੱਧੀਆਂ ਉਡਾਣਾਂ ਦੀ ਤੁਲਣਾ ਵਿਚ 2-3 ਗੁਣਾ ਜ਼ਿਆਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੰਭਾਵਿਤ ਤੀਜੀ ਲਹਿਰ ਦੇ ਖ਼ੌਫ ਦਰਮਿਆਨ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਜਲਦੀ ਵਿਚ ਹਨ, ਭਾਵੇਂ ਉਹਨਾਂ ਨੂੰ ਇਸ ਦੀ ਵੱਧ ਕੀਮਤ ਕਿਉਂ ਨਾ ਦੇਣੀ ਪਵੇ।

ਇਕ ਵਿਦਿਆਰਥੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਲੱਗਭਗ ਸਾਰੇ ਵਿਦਿਆਰਥੀ ਪਹਿਲੀ ਵਾਰ ਵਿਦੇਸ਼ ਯਾਤਰਾ ਕਰ ਰਹੇ ਹਨ। ਉਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਏਜੰਟਾਂ ਜ਼ਰੀਏ ਜਾ ਰਹੇ ਹਨ। ਉਨ੍ਹਾਂ ਦਾ ਖ਼ੁਦ ਦਾ ਪੁੱਤਰ ਇਸ ਹਫ਼ਤੇ ਦੋਹਾ ਰਸਤਿਓਂ ਕੈਨੇਡਾ ਲਈ ਉਡਾਣ ਭਰਨ ਲਈ ਤਿਆਰ ਹੈ। ਇਕ ਵਿਦਿਆਰਥਣ ਕੁੱਝ ਦਿਨ ਪਹਿਲਾਂ ਹੀ ਮੈਕਸੀਕੋ ਤੋਂ ਹੁੰਦੇ ਹੋਏ ਕੈਨੇਡਾ ਆਈ ਹੈ।

ਇਸ ਯਾਤਰਾ ਵਿਚ ਉਸ ਨੂੰ 2 ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਆਇਆ। ਇਕ ਹੋਰ ਵਿਦਿਆਰਥੀ ਦਿੱਲੀ ਤੋਂ ਫਰੈਂਕਫਰਟ ਹੁੰਦੇ ਹੋਏ ਟੋਰਾਂਟੋ ਗਿਆ। ਉਸ ਨੇ 28 ਘੰਟਿਆਂ ਤੱਕ ਟਰਮੀਨਲ ’ਤੇ ਇੰਤਜ਼ਾਰ ਕੀਤਾ ਅਤੇ ਫਿਰ ਮਾਂਟਰੀਅਲ ਲਈ ਉਡਾਣ ਭਰੀ ਅਤੇ ਉਥੋਂ ਟੋਰਾਂਟੋ ਲਈ ਇਕ ਟਰੇਨ ਵਿਚ ਸਵਾਰ ਹੋਇਆ।