ਲਹਿੰਦੇ ਪੰਜਾਬ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 13 ਲੋਕਾਂ ਦੀ ਮੌਤ ਤੇ 5 ਜ਼ਖ਼ਮੀ
ਬਿਆਨ 'ਚ ਕਿਹਾ ਗਿਆ ਹੈ, ''ਹਾਦਸੇ ਤੋਂ ਬਾਅਦ ਬੱਸ ਗੰਨੇ ਦੇ ਢੇਰ ਹੇਠ ਦੱਬ ਗਈ ਅਤੇ ਬਚਾਅ ਦਲ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਕਾਫੀ ਸਮਾਂ ਲੱਗਿਆ"।
ਲਾਹੌਰ : ਲਹਿੰਦੇ ਪੰਜਾਬ ਵਿਚ ਇਕ ਬੱਸ ਅਤੇ ਟਰੱਕ ਦੀ ਟੱਕਰ ਵਿਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਅਧਿਕਾਰੀਆਂ ਮੁਤਾਬਕ ਲਾਹੌਰ ਤੋਂ ਕਰੀਬ 400 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ 'ਚ ਸ਼ਨੀਵਾਰ ਸ਼ਾਮ ਨੂੰ ਬੱਸ ਉਲਟ ਦਿਸ਼ਾ ਤੋਂ ਆ ਰਹੇ ਗੰਨੇ ਨਾਲ ਭਰੇ ਟਰੱਕ ਨਾਲ ਟਕਰਾ ਗਈ। ਬੱਸ ਵਿਚ ਕੁੱਲ 18 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ, ''ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੇ ਨਾਲ ਬਚਾਅ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ 13 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਬਾਕੀ ਪੰਜ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।''
Accident
ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਹਾਦਸਾ ਹੋਇਆ ਉਸ ਸੜਕ 'ਤੇ ਮੀਂਹ ਦਾ ਪਾਣੀ ਇਕੱਠਾ ਹੋਇਆ ਸੀ। ਬਿਆਨ 'ਚ ਕਿਹਾ ਗਿਆ ਹੈ, ''ਹਾਦਸੇ ਤੋਂ ਬਾਅਦ ਬੱਸ ਗੰਨੇ ਦੇ ਢੇਰ ਹੇਠ ਦੱਬ ਗਈ ਅਤੇ ਬਚਾਅ ਦਲ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਕਾਫੀ ਸਮਾਂ ਲੱਗਿਆ"। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।