ਪੰਜਾਬ ਵਿਧਾਨ ਸਭਾ ਸਪੀਕਰ ਨੇ ਕੈਨੇਡਾ ’ਚ ਰਹਿੰਦੇ ਆਪਣੇ ਹਮ-ਜਮਾਤੀਆਂ ਨਾਲ ਕੀਤੀ ਮੁਲਾਕਾਤ
ਸੰਧਵਾਂ ਵੱਲੋਂ ਆਪਣੇ ਹਮ-ਜਮਾਤੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਿਕ) ਦੇ ਆਪਣੇ ਹਮ-ਜਮਾਤੀਆਂ ਨਾਲ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਕੈਨੇਡਾ ਦੇ ਦੌਰੇ ’ਤੇ ਗਏ ਸੰਧਵਾਂ ਨੇ ਬੀਤੀ ਸ਼ਾਮ ਆਪਣੇ ਹਮ-ਜਮਾਤੀਆਂ ਨਾਲ ਮਿਲਣੀ ਕੀਤੀ। ਇਸ ਦੌਰਾਨ ਉਨਾਂ ਨੇ ਵਿਦਿਆਰਥੀ ਜੀਵਨ ਅਤੇ ਵਿਦਿਆਰਥੀ ਸੰਘਰਸ਼ਾਂ ਦੀਆ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ। ਵਿਦਿਆਰਥੀਆਂ ਦੀ ਇਸ ਮਹਿਫ਼ਲ ਦੌਰਾਨ ਭਾਵਨਾਤਮਿਕ ਸਾਂਝ ਭਾਰੂ ਰਹੀ। ਇਸ ਦੌਰਾਨ ਸੰਧਵਾਂ ਨੇ ਸੂਬੇ ਦੀ ਸ਼ਾਨ ਬਹਾਲ ਕਰਨ ਤੇ ਇਸ ਨੂੰ ਮੁੜ ‘ਰੰਗਲਾ ਪੰਜਾਬ’ ਬਨਾਉਣ ਲਈ ਆਪਣੇ ਸਾਥੀਆਂ ਦੇ ਸੁਝਾਅ ਮੰਗੇ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਅਪੀਲ ਕੀਤੀ। ਸੰਧਵਾਂ ਨੇ ਕਿਹਾ ਕਿ ਉਨਾਂ ਕੋਲ ਇੰਜੀਨੀਅਰਿੰਗ ਦੀ ਅਹਿਮ ਪੜਾਈ ਕਰਨ ਅਤੇ ਉਸ ਤੋਂ ਬਾਅਦ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਦਾ ਵੱਡਾ ਤਜਰਬਾ ਹੈ ਅਤੇ ਇਸ ਤਜਰਬੇ ਦਾ ਲਾਜ਼ਮੀ ਤੌਰ ’ਤੇ ਪੰਜਾਬ ਨੂੰ ਫਾਇਦਾ ਹੋਣਾ ਚਾਹੀਦਾ ਹੈ। ਪੰਜਾਬੀ ਹੋਣ ਦੇ ਨਾਤੇ ਉਨਾਂ ਦੀ ਜ਼ਿੰਮੇਂਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣ।
ਸੰਧਵਾਂ ਦੇ ਕੈਨੇਡਾ ਵਿੱਚ ਵੱਸਦੇ ਹਮ-ਜਮਾਤੀਆਂ ਨੇ ਉਨਾਂ ਦਾ ਕੈਨੇਡਾ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਨੇ ਸੂਬੇ ਦੇ ਵਿਕਾਸ ਵਿੱਚ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸੰਧਵਾਂ ਨੇ ਕਿਹਾ ਕਿ ਉਨਾਂ ਨੂੰ ਆਪਣੇ ਹਮ-ਜਮਾਤੀਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਅਤੇ ਉਹ ਹੁਣ ਲਗਾਤਾਰ ਆਪਣੇ ਸਾਥੀਆਂ ਨੂੰ ਮਿਲਦੇ ਰਹਿਣਗੇ।