ਟਾਪਲੈੱਸ ਪੋਜ਼ ਦੇਣ ਵਾਲੀ ਫਿਨਲੈਂਡ ਦੀ ਸਾਬਕਾ PM ਨੇ NGO 'ਚ ਕੰਮ ਕਰਨ ਲਈ ਛੱਡੀ ਰਾਜਨੀਤੀ
ਸਾਲ 2019 ਵਿਚ, ਉਹ ਫਿਨਲੈਂਡ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਸੀ
ਫਿਨਲੈਂਡ - ਫਿਨਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 37 ਸਾਲ ਦੀ ਸਨਾ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਨੇਤਾਵਾਂ 'ਚੋਂ ਇਕ ਹੈ। ਸਾਲ 2019 ਵਿਚ, ਉਹ ਫਿਨਲੈਂਡ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਸੀ। ਜ਼ਿਕਰਯੋਗ ਹੈ ਕਿ ਅਗਸਤ 2022 ਵਿਚ ਸਨਾ ਦੀ ਇੱਕ ਇਤਰਾਜ਼ਯੋਗ ਫੋਟੋ ਵਾਇਰਲ ਹੋਈ ਸੀ
ਜਿਸ ਵਿਚ ਸਨਾ ਮਾਰਿਨ ਨੂੰ ਉਸ ਦੀ ਅਧਿਕਾਰਤ ਰਿਹਾਇਸ਼ ਵਿਚ ਦੋ ਔਰਤਾਂ ਨਾਲ ਚੁੰਮਣ ਅਤੇ ਟੌਪਲੈੱਸ ਪੋਜ਼ ਦਿੰਦੇ ਹੋਏ ਦੇਖਿਆ ਗਿਆ ਸੀ। ਇਸ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ 'ਚ ਭਾਰੀ ਹੰਗਾਮਾ ਹੋਇਆ ਸੀ। ਵਿਰੋਧੀ ਧਿਰ ਨੇ ਇਸ ਮੁੱਦੇ 'ਤੇ ਜ਼ੋਰਦਾਰ ਸਿਆਸੀਕਰਨ ਕੀਤਾ ਸੀ ਅਤੇ ਸਨਾ ਦੇ ਅਸਤੀਫੇ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਸੀ, ਜਿਸ 'ਚ ਸਨਾ ਮਾਰਿਨ ਆਪਣੇ ਦੋਸਤਾਂ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਦੇਸ਼ 'ਚ ਚਰਚਾ ਛਿੜ ਗਈ ਕਿ ਪ੍ਰਧਾਨ ਮੰਤਰੀ ਆਪਣੀ ਸਰਕਾਰੀ ਰਿਹਾਇਸ਼ 'ਤੇ ਪਾਰਟੀ ਕਿਵੇਂ ਕਰ ਸਕਦੀ ਹੈ। ਕੀ ਉਨ੍ਹਾਂ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ?
ਫਿਨਲੈਂਡ ਦੀ ਤਤਕਾਲੀ ਪ੍ਰਧਾਨ ਮੰਤਰੀ ਸਨਾ ਮਾਰਿਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ 'ਚ ਉਹ ਸ਼ਰਾਬ ਦੇ ਨਸ਼ੇ 'ਚ ਦੋਸਤਾਂ ਨਾਲ ਡਾਂਸ ਕਰਦੀ ਨਜ਼ਰ ਆਈ।
ਇਸ 'ਤੇ ਵਿਰੋਧੀ ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਸਨਾ ਮਾਰਿਨ ਨੇ ਦੋਸਤਾਂ ਨਾਲ ਪਾਰਟੀ 'ਚ ਡਰੱਗਜ਼ ਲਈ ਹੈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਨੇ ਸਿਰਫ਼ ਸ਼ਰਾਬ ਪੀਤੀ ਹੈ, ਨਸ਼ਾ ਨਹੀਂ ਕੀਤਾ। ਉਸ ਨੇ ਇੱਥੋਂ ਤੱਕ ਕਿਹਾ ਕਿ ਉਹ ਨਸ਼ੇ ਲਈ ਟੈਸਟ ਕਰਵਾਉਣ ਲਈ ਤਿਆਰ ਹੈ। ਬਾਅਦ ਵਿਚ ਜਦੋਂ ਜਾਂਚ ਕੀਤੀ ਗਈ ਤਾਂ ਉਹ ਬੇਕਸੂਰ ਪਾਈ ਗਈ।
ਫਿਨਲੈਂਡ ਦੀ ਤਤਕਾਲੀ ਪੀਐਮ ਨੇ 2021 ਵਿਚ ਇੱਕ ਪਾਰਟੀ ਰੱਖੀ ਸੀ, ਜਦੋਂ ਕੋਰੋਨਾ ਦੇ ਡਰ ਨੇ ਲੋਕਾਂ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਸੀ ਤੇ ਦਿਲਾਂ ਵਿਚ ਡਰ ਪੈਦਾ ਕਰ ਦਿੱਤਾ ਸੀ। ਇਸ ਤੋਂ ਬਾਅਦ ਲੋਕਾਂ ਨੇ ਸਨਾ ਮਾਰਿਨ ਦੀ ਤਿੱਖੀ ਆਲੋਚਨਾ ਕੀਤੀ ਸੀ। ਕੁੱਲ ਮਿਲਾ ਕੇ ਸਨਾ ਵਿਵਾਦਾਂ ਵਿਚ ਹੀ ਰਹਿੰਦੀ ਆਈ ਹੈ ਪਰ ਹੁਣ ਉਹਨਾਂ ਨੇ ਰਾਜਨੀਤੀ ਛੱਡ ਕੇ ਇਕ ਐਨਜੀਓ ਵਿਚ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ।