ਸੁਸ਼ੀਲਾ ਕਾਰਕੀ ਨੇ ਨੇਪਾਲ ਦੀ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਸੰਭਾਲਿਆ ਅਹੁਦਾ
ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਕਾਰਕੀ
ਕਾਠਮੰਡੂ : ਸੁਸ਼ੀਲਾ ਕਾਰਕੀ ਨੇ ਨੇਪਾਲ ਦੇ ਅੰਤ੍ਰਿਮ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਸੁਸ਼ੀਲਾ ਕਾਰਕੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਘਿਨੌਣੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਮੈਂ ਅਤੇ ਮੇਰੀ ਟੀਮ ਇੱਥੇ ਸੱਤਾ ਦਾ ਸੁਆਦ ਮਾਨਣ ਨਹੀਂ ਆਏ ਹਾਂ। ਅਸੀਂ ਇਨ੍ਹਾਂ ਅਹੁਦਿਆਂ ’ਤੇ 6 ਮਹੀਨਿਆਂ ਤੋਂ ਵੱਧ ਨਹੀਂ ਰਹਾਂਗੇ ਅਤੇ ਨਵੀਂ ਸੰਸਦ ਨੂੰ ਅਸੀਂ ਜ਼ਿੰਮੇਵਾਰੀ ਸੌਂਪਾਂਗੇ। ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਸਮਰਥਨ ਤੋਂ ਬਿਨਾਂ ਸਾਨੂੰ ਸਫਲਤਾ ਨਹੀਂ ਮਿਲੇਗੀ।
ਇਸ ਦੇ ਨਾਲ ਹੀ ਨੇਪਾਲ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਰਤ-ਨੇਪਾਲ ਸਰਹੱਦ ’ਤੇ ਸਥਿਤੀ ਆਮ ਹੋਣੀ ਸ਼ੁਰੂ ਹੋ ਗਈ ਹੈ। ਸਰਹੱਦ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਰੂਪੈਦੀਹਾ ਸਰਹੱਦ ’ਤੇ ਤਾਇਨਾਤ ਐਸਐਸਬੀ ਕਮਾਂਡੈਂਟ ਗੰਗਾ ਸਿੰਘ ਉਦਾਵਤ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਸਥਿਤੀ ਆਮ ਹੋਣੀ ਸ਼ੁਰੂ ਹੋ ਗਈ ਹੈ। ਲੋਕਾਂ ਦੀ ਆਵਾਜਾਈ ਸ਼ਨੀਵਾਰ ਤੋਂ ਹੀ ਸ਼ੁਰੂ ਹੋ ਗਈ ਹੈ। ਸਰਹੱਦੀ ਚੌਕੀਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।