ਹੁਣ ਜੈੱਨ-ਜ਼ੀ ਪ੍ਰਦਰਸ਼ਨਾਂ ਕਾਰਨ ਅਫ਼ਰੀਕੀ ਦੇਸ਼ ਮੈਡਾਗਾਸਕਰ ਦਾ ਤਖਤਾ ਪਲਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਦੇਸ਼ ਛੱਡ ਕੇ ਹੋਏ ਫਰਾਰ

Now the African country of Madagascar has been overthrown due to the Zee protests.

ਐਂਟਾਨਾਨਾਰੀਵ : ਬੀਤੇ ਦੋ-ਤਿੰਨ ਸਾਲਾਂ ਦੌਰਾਨ ਦੁਨੀਆ ਭਰ ਦੀਆਂ ਕਈ ਸਰਕਾਰਾਂ ਦਾ ਤਖ਼ਤਾ ਪਲਟ ਹੋਇਆ ਹੈ। ਅਗਸਤ 2024 ’ਚ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਦਾ ਤਖਤਾ ਪਲਟ ਹੋਇਆ ਸੀ। ਇਸੇ ਤਰ੍ਹਾਂ 2025 ਵਿਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਨੂੰ ਜੈੱਨ-ਜ਼ੀ ਦੇ ਪ੍ਰਦਰਸ਼ਨਾਂ ਤੋਂ ਬਾਅਦ ਕੁਰਸੀ ਛੱਡਣੀ ਪਈ ਸੀ। ਹੁਣ ਇਸ ਕੜੀ ਵਿਚ ਇਕ ਹੋਰ ਦੇਸ਼ ਦਾ ਨਾਮ ਜੁੜ ਗਿਆ ਹੈ। ਅਫ਼ਰੀਕੀ ਦੇਸ਼ ਮੇਡਾਗਾਸਕਰ ’ਚ ਵੀ ਜੈੱਨ-ਜ਼ੀ ਪ੍ਰਦਰਸ਼ਨਾਂ ਕਾਰਨ ਤਖਤਾ ਪਲਟ ਹੋ ਗਿਆ ਹੈ। ਮੁੱਖ ਵਿਰੋਧੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਦੇਸ਼ ਛੱਡ ਕੇ ਫਰਾਰ ਹੋ ਗਏ ਹਨ।

ਸੰਸਦ ’ਚ ਵਿਰੋਧੀ ਧਿਰ ਦੇ ਆਗੂ ਸਿਟੇਨੀ ਰੰਦ੍ਰਿਯਾਨਾ ਸੋਲੋਨਿਕਾ ਨੇ ਕਿਹਾ ਕਿ ਫ਼ੌਜ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਮਦਦ ਕੀਤੇ ਜਾਣ ਦੀ ਖਬਰ ਤੋਂ ਬਾਅਦ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਗਏ ਹਨ। ਫ਼ਿਲਹਾਲ ਉੁਹ ਕਿੱਥੇ ਹਨ ਇਸ ਸਬੰਧੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਜਦਕਿ ਕੁੱਝ ਰਿਪੋਰਟਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਫਰਾਂਸ ਭੱਜ ਗਏ ਹਨ।

ਜ਼ਿਕਰਯੋਗ ਹੈ ਕਿ ਮੇਡਾਗਾਸਕਰ ’ਚ ਪਾਣੀ ਅਤੇ ਬਿਜਲੀ ਦੀ ਕਮੀ ਨੂੰ ਲੈ  ਕੇ ਬੀਤੀ 25 ਸਤੰਬਰ ਨੂੰ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਇਹ ਪ੍ਰਦਰਸ਼ਨ ਜਲਦੀ ਵਿਆਪਕ ਹੋ ਗਿਆ, ਜਿਸ ’ਚ ਜੀਵਨ ਦੀਆਂ ਆਮ ਲੋੜਾਂ, ਭ੍ਰਿਸ਼ਟਾਚਾਰ, ਗਰੀਬੀ ਅਤੇ ਸੰਸਥਾਗਤ ਸੁਧਾਰਾਂ ਦੀਆਂ ਮੰਗਾਂ ਵੀ ਸ਼ਾਮਲ ਹੋ ਗਈਆਂ। ਜਿਸ ਤੋਂ ਬਾਅਦ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ।

ਜ਼ਿਕਰਯੋਗ ਹੈ ਕਿ ਮੈਡਾਗਾਸਕਰ ਨੂੰ 1960 ਵਿੱਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ। ਦੇਸ਼ ਵਿੱਚ ਲੋਕਤੰਤਰੀ ਸੰਸਥਾਵਾਂ ਹਮੇਸ਼ਾ ਕਮਜ਼ੋਰ ਰਹੀਆਂ ਹਨ ਅਤੇ ਸੱਤਾ ’ਤੇ ਕਬਜ਼ਾ ਕਰਨ ਲਈ ਫੌਜ ਅਤੇ ਸਿਆਸੀ ਆਗੂਆਂ ਵਿਚਾਲੇ ਹਮੇਸ਼ਾ ਹੀ ਟਕਰਾਅ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ 4 ਵਾਰ ਤਖ਼ਤਾ ਪਲਟ ਹੋ ਚੁੱਕਿਆ ਹੈ। ਵਿਸ਼ਵ ਬੈਂਕ ਅਨੁਸਾਰ, ਮੈਡਾਗਾਸਕਰ ਦੀ ਲਗਭਗ ਤਿੰਨ-ਚੌਥਾਈ ਆਬਾਦੀ ਅੱਜ ਵੀ ਗਰੀਬੀ ਵਿੱਚ ਜੀਵਨ ਬਿਤਾ ਰਹੀ ਹੈ।