ਸਿੰਗਾਪੁਰ 'ਚ ਵਾਪਰਿਆ ਹਾਦਸਾ, ਭਾਰਤੀ ਮੂਲ ਦੇ ਵਿਅਕਤੀ ਦੀ ਹੋਈ ਮੌਤ
ਕਰੇਨ ਤੋਂ ਸਟੀਲ ਦੀਆਂ ਰਾਡਾਂ ਉਤਾਰਦੇ ਸਮੇਂ ਵਾਪਰਿਆ ਹਾਦਸਾ
ਸਿੰਗਾਪੁਰ: ਚੰਗੀ ਰੋਜ਼ੀ ਰੋਟੀ ਲਈ ਭਾਰਤ ਤੋਂ ਬਹੁਤ ਸਾਰੇ ਲੋਕ ਵੱਖ-ਵੱਖ ਦੇਸ਼ਾਂ ਵਿਚ ਜਾਂਦੇ ਹਨ। ਚੰਗੇ ਭਵਿੱਖ ਦੀ ਕਾਮਨਾ ਕਰਨ ਵਾਲਿਆਂ ਨਾਲ ਕਦੇ-ਕਦੇ ਕੁਝ ਅਜਿਹਾ ਹੋ ਜਾਂਦਾ ਹੈ ਜੋ ਕਦੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦਾ। ਅਜਿਹਾ ਹੀ ਇੱਕ ਮਾਮਲਾ ਸਿੰਗਾਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਉਸਾਰੀ ਵਾਲੀ ਜਗ੍ਹਾ 'ਤੇ ਹਾਦਸਾ ਵਾਪਰਨ ਕਾਰਨ ਇੱਕ ਭਾਰਤੀ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਉਮਰ ਕਰੀਬ 32 ਸਾਲ ਦੱਸੀ ਜਾ ਰਹੀ ਹੈ। ਇਸ ਬਾਰੇ ਮਨੁੱਖੀ ਸੰਸਾਧਨ ਮੰਤਰਾਲੇ (ਐਮਓਐਮ) ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਪੱਛਮੀ ਸੂਬੇ ਦੇ ਟੇਂਗਾਹ ਗਾਰਡਨ ਐਵੇਨਿਊ 'ਤੇ ਇਕ ਉਸਾਰੀ ਵਾਲੀ ਥਾਂ 'ਤੇ ਵਾਪਰੀ, ਜਦੋਂ ਭਾਰਤੀ ਕਰਮਚਾਰੀ ਆਪਣੇ ਸਹਿ-ਕਰਮਚਾਰੀਆਂ ਨਾਲ ਕ੍ਰੇਨ ਤੋਂ ਸਟੀਲ ਦੀਆਂ ਰਾਡਾਂ (ਛੜਾਂ) ਨੂੰ ਉਤਾਰ ਰਿਹਾ ਸੀ।
ਜਾਣਕਾਰੀ ਅਨੁਸਾਰ ਇਹ ਹਾਦਸਾ ਬਹੁਤ ਦਰਦਨਾਕ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਭਾਰਤੀ ਮੂਲ ਦਾ ਮੁਲਾਜ਼ਮ ਕਰੇਨ ਤੋਂ ਰਾਡ ਉਤਾਰ ਰਿਹਾ ਸੀ ਤਾਂ ਅਚਾਨਕ ਕਰੇਂ ਦਾ ਉਪਰਲਾ ਹਿੱਸਾ ਡਿੱਗ ਗਿਆ ਅਤੇ ਉਕਤ ਵਿਅਕਤੀ ਇਸ ਦੇ ਹੇਠਾਂ ਦੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਮੰਤਰਾਲੇ ਵਲੋਂ ਸਾਂਝੀ ਜਾਣਕਾਰੀ ਅਨੁਸਾਰ ਕਥਿਤ ਲਾਪਰਵਾਹੀ ਦੇ ਦੋਸ਼ ਵਿਚ ਇੱਕ 45 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।