35,000 ਫੁੱਟ ਦੀ ਉਚਾਈ ’ਤੇ ਹੋਇਆ ਬੱਚੀ ਦਾ ਜਨਮ, ਜੱਚਾ-ਬੱਚਾ ਦੋਨੋਂ ਤੰਦਰੁਸਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫਲਾਈਟ ਦੇ ਉਡਾਣ ਭਰਨ ਦੇ ਇਕ ਘੰਟਾ ਬਾਅਦ ਹੀ ਪਤਾ ਲੱਗਾ ਕਿ ਸਾਊਦੀ ਅਰਬ ਤੋਂ ਯੂਗਾਂਡਾ ਜਾ ਰਹੀ ਇਕ ਪ੍ਰਵਾਸੀ ਮਜ਼ਦੂਰ ਔਰਤ ਬੱਚੇ ਨੂੰ ਜਨਮ ਦੇਣ ਵਾਲੀ ਹੈ।

woman gave birth to a baby girl at an altitude of 35000 feet

 

ਟੋਰਾਂਟੋ: ਕਤਰ ਤੋਂ ਯੂਗਾਂਡਾ ਜਾ ਰਹੀ ਫਲਾਈਟ ਰਾਤ ਭਰ ਦੇ ਸਫ਼ਰ ਤੋਂ ਬਾਅਦ ਜਦੋਂ ਲੈਂਡ ਹੋਈ ਤਾਂ ਇਸ ਵਿਚ ਇਕ ਯਾਤਰੀ ਦੀ ਗਿਣਤੀ ਵਧ ਗਈ। ਦਰਅਸਲ ਇਸ ਫਲਾਈਟ ਵਿਚ ਇਕ ਬੱਚੀ ਨੇ ਜਨਮ ਲਿਆ। ਮਾਂ ਦੀ ਡਿਲਿਵਰੀ ਕਰਨ ਵਾਲੀ ਕੈਨੇਡੀਅਨ ਡਾਕਟਰ ਨੇ ਟਵਿੱਟਰ ’ਤੇ ਬੱਚੀ ਅਤੇ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਖੁਸ਼ੀ ਜ਼ਾਹਰ ਕੀਤੀ ਤੇ ਇਸ ਬਾਰੇ ਜਾਣਕਾਰੀ ਦਿੱਤੀ।  ਟੋਰਾਂਟੋ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਡਾ: ਆਇਸ਼ਾ ਖ਼ਤੀਬ ਵੀ ਕਤਰ ਏਅਰਵੇਜ਼ ਦੀ ਫਲਾਈਟ ਵਿਚ ਸੀ।

ਇਕ ਰਿਪੋਰਟ ਮੁਤਾਬਿਕ ਫਲਾਈਟ ਦੇ ਉਡਾਣ ਭਰਨ ਦੇ ਇਕ ਘੰਟਾ ਬਾਅਦ ਹੀ ਪਤਾ ਲੱਗਾ ਕਿ ਸਾਊਦੀ ਅਰਬ ਤੋਂ ਯੂਗਾਂਡਾ ਜਾ ਰਹੀ ਇਕ ਪ੍ਰਵਾਸੀ ਮਜ਼ਦੂਰ ਔਰਤ ਬੱਚੇ ਨੂੰ ਜਨਮ ਦੇਣ ਵਾਲੀ ਹੈ। ਯਾਤਰਾ ਖ਼ਤਮ ਹੁੰਦੇ-ਹੁੰਦੇ ਮਾਂ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਅਤੇ ਡਾਕਟਰ ਦੇ ਨਾਮ ’ਤੇ ਉਸ ਦਾ ਨਾਮ ‘ਮਿਰੇਕਲ ਆਇਸ਼ਾ’ ਰੱਖਿਆ ਗਿਆ। ਡਾ: ਖ਼ਤੀਬ ਵੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਟੋਰਾਂਟੋ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਆ ਰਹੀ ਸੀ।

ਖਤੀਬ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਨੇ ਬੱਚੀ ਦਾ ਨਾਮ ਮੇਰੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ। ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇਕ ਗੋਲਡਨ ਨੈਕਲੈਸ ਦਿੱਤਾ, ਜਿਸ ’ਤੇ ਅਰਬੀ ਵਿਚ ਆਇਸ਼ਾ ਲਿਖਿਆ ਹੋਇਆ ਸੀ।

ਉਨ੍ਹਾਂ ਕਿਹਾ, ‘ਮੈਂ ਸੋਚਿਆ ਕਿ ਮੈਂ ਇਹ ਨੈਕਲੈਸ ਉਸ ਨੂੰ ਦੇਵਾਂਗੀ ਅਤੇ ਉਸ ਕੋਲ ਉਸ ਡਾਕਟਰ ਦੀ ਨਿਸ਼ਾਨੀ ਰਹੇਗੀ, ਜਿਸ ਨੇ ਨੀਲ ਨਦੀ ਦੇ ਉੱਪਰ 35,000 ਫੁੱਟ ਹਵਾ ਦੀ ਉਚਾਈ ’ਤੇ ਬੱਚੀ ਨੂੰ ਜਨਮ ਦਿੱਤਾ।’ ਬੱਚੀ ਦਾ ਜਨਮ 5 ਦਸੰਬਰ ਨੂੰ ਹੋਇਆ ਸੀ ਪਰ ਖਤੀਬ ਨੇ ਉਸ ਦੀਆਂ ਤਸਵੀਰਾਂ ਹਾਲ ਹੀ ਵਿਚ ਜਾਰੀ ਕੀਤੀਆਂ ਹਨ, ਕਿਉਂਕਿ ਉਹ ਟੋਰਾਂਟੋ ਵਿਚ ਕੋਵਿਡ ਰੋਗੀਆਂ ਦੇ ਇਲਾਜ ਵਿਚ ਵਿਅਸਤ ਸੀ।