ਈਰਾਨ ਨੇ ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਹੋਰ ਕੈਦ ਦੀ ਸਜ਼ਾ ਸੁਣਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ, ਰਾਜਧਾਨੀ ਤਹਿਰਾਨ ਤੋਂ ਵੀ ਜ਼ਲਾਵਤਨ

Narges Mohammadi

ਦੁਬਈ: ਈਰਾਨ ਦੀ ਇਕ ਅਦਾਲਤ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਇਸਲਾਮਿਕ ਗਣਰਾਜ ਵਿਰੁਧ ਪ੍ਰਚਾਰ ਕਰਨ ਦੇ ਦੋਸ਼ ’ਚ 15 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਪਰਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। 

ਮੁਹੰਮਦੀ ਦੇ ਪਰਵਾਰ ਵਲੋਂ ਇੰਸਟਾਗ੍ਰਾਮ ’ਤੇ ਇਕ ਪੋਸਟ ਦੇ ਅਨੁਸਾਰ, ਨਵੀਂ ਸਜ਼ਾ 19 ਦਸੰਬਰ ਨੂੰ ਸੁਣਾਈ ਗਈ। ਇਸ ਵਿਚ ਕਿਹਾ ਗਿਆ ਹੈ ਕਿ ਮੁਹੰਮਦੀ ਨੇ ਅਦਾਲਤ ਦੀ ਕਾਰਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਮੁਹੰਮਦੀ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ’ਤੇ ਦੋ ਸਾਲ ਲਈ ਵਿਦੇਸ਼ ਯਾਤਰਾ ਕਰਨ ’ਤੇ ਪਾਬੰਦੀ ਹੋਵੇਗੀ ਅਤੇ ਉਸ ਨੂੰ ਉਸੇ ਸਮੇਂ ਲਈ ਸਿਆਸੀ ਅਤੇ ਸਮਾਜਕ ਸਮੂਹਾਂ ਦੀ ਮੈਂਬਰਸ਼ਿਪ ਤੋਂ ਰੋਕਿਆ ਜਾਵੇਗਾ। 

ਫ਼ੈਸਲੇ ਮੁਤਾਬਕ ਮੁਹੰਮਦੀ ਦੋ ਸਾਲ ਤਕ ਮੋਬਾਈਲ ਫੋਨ ਨਹੀਂ ਰੱਖ ਸਕਣਗੇ। ਇਸ ਫੈਸਲੇ ਨੇ ਉਸ ਨੂੰ ਰਾਜਧਾਨੀ ਤਹਿਰਾਨ ਤੋਂ ਵੀ ਜ਼ਲਾਵਤਨ ਕਰ ਦਿਤਾ ਹੈ, ਜਿਸ ਦਾ ਮਤਲਬ ਹੈ ਕਿ ਮੁਹੰਮਦੀ ਨੂੰ ਈਰਾਨ ਦੇ ਕਿਸੇ ਹੋਰ ਸੂਬੇ ਵਿਚ ਨਵੀਂ ਸਜ਼ਾ ਕੱਟਣੀ ਪਵੇਗੀ। 

ਮੁਹੰਮਦੀ ਨੂੰ ਤਹਿਰਾਨ ਦੀ ਬਦਨਾਮ ਏਵਿਨ ਜੇਲ੍ਹ ’ਚ ਰੱਖਿਆ ਗਿਆ ਹੈ, ਜਿੱਥੇ ਉਹ ਸੱਤਾਧਾਰੀ ਸਥਾਪਨਾ ਵਿਰੁਧ ਮੁਹਿੰਮ ਚਲਾਉਣ, ਜੇਲ੍ਹ ’ਚ ਨਾਫ਼ਰਮਾਨੀ ਅਤੇ ਅਧਿਕਾਰੀਆਂ ਦੀ ਮਾਣਹਾਨੀ ਲਈ 30 ਮਹੀਨੇ ਦੀ ਸਜ਼ਾ ਕੱਟ ਰਹੀ ਹੈ। ਮੁਹੰਮਦੀ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ 19ਵੀਂ ਮਹਿਲਾ ਹੈ ਅਤੇ 2003 ਵਿਚ ਮਨੁੱਖੀ ਅਧਿਕਾਰ ਕਾਰਕੁਨ ਸ਼ਿਰੀਨ ਅਬਦੀ ਤੋਂ ਬਾਅਦ ਦੂਜੀ ਈਰਾਨੀ ਔਰਤ ਹੈ।