Tulip Siddiqui resigns as UK minister: ਸ਼ੇਖ ਹਸੀਨਾ ਦੀ ਭਤੀਜੀ ਨੇ ਬ੍ਰਿਟੇਨ ਸਰਕਾਰ ’ਚ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

Tulip Siddiqui resigns as UK minister: ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਲਿਆ ਫ਼ੈਸਲਾ

Tulip Siddiqui resigns as UK minister

 

Tulip Siddiqui resigns as UK minister: ਬ੍ਰਿਟੇਨ ਵਿਚ ਵਿੱਤੀ ਸੇਵਾਵਾਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਬ੍ਰਿਟਿਸ਼ ਮੰਤਰੀ ਟਿਊਲਿਪ ਸਿੱਦੀਕੀ ਨੇ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਇਹ ਫ਼ੈਸਲਾ ਪਿਛਲੇ ਸਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਈ ਗਈ ਅਪਣੀ ਚਾਚੀ ਸ਼ੇਖ ਹਸੀਨਾ ਨਾਲ ਅਪਣੇ ਵਿੱਤੀ ਸਬੰਧਾਂ ਨੂੰ ਲੈ ਕੇ ਉਠੇ ਸਵਾਲਾਂ ਦੇ ਬਾਅਦ ਇਹ ਫ਼ੈਸਲਾ ਲਿਆ। 

ਟਿਊਲਿਪ ਸਿੱਦੀਕੀ (42) ਨੇ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕੀਤਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਪਿਛਲੇ ਹਫ਼ਤੇ ਉਨ੍ਹਾਂ ’ਤੇ ਪੂਰਾ ਭਰੋਸਾ ਪ੍ਰਗਟਾਇਆ ਸੀ। ਹਾਲਾਂਕਿ, ਦੋ ਮਹੀਨਿਆਂ ਵਿਚ ਦੂਜੀ ਵਾਰ ਕਿਸੇ ਮੰਤਰੀ ਦਾ ਅਸਤੀਫ਼ਾ ਸਟਾਰਮਰ ਲਈ ਇਕ ਵੱਡਾ ਝਟਕਾ ਹੈ। 

ਬ੍ਰਿਟੇਨ ਵਿਚ ਚੋਣਾਂ ਤੋਂ ਬਾਅਦ ਟਿਊਲਿਪ ਸਿੱਦੀਕੀ ਨੂੰ ਵਿੱਤੀ ਸੇਵਾਵਾਂ ਨੀਤੀ ਦਾ ਪੋਰਟਫੋਲੀਓ ਦਿਤਾ ਗਿਆ ਸੀ। ਇਸ ਵਿਚ ਮਨੀ ਲਾਂਡਰਿੰਗ ਵਿਰੁਧ ਉਪਾਵਾਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੈ। ਸਟਾਰਮਰ ਨੂੰ ਦਿਤੇ ਅਪਣੇ ਅਸਤੀਫ਼ੇ ਵਿਚ ਟਿਊਲਿਪ ਸਿੱਦੀਕੀ ਨੇ ਕਿਹਾ ਕਿ ਉਸ ਦਾ ਅਹੁਦਾ ਸਰਕਾਰ ਦੇ ਕੰਮਕਾਜ ਲਈ ਧਿਆਨ ਭਟਕਾਉਣ ਵਾਲਾ ਹੋ ਸਕਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਇਕ ਸੁਤੰਤਰ ਸਮੀਖਿਆ ਨੇ ਪੁਸ਼ਟੀ ਕੀਤੀ ਹੈ ਕਿ ਮੈਂ ਮੰਤਰੀ ਪੱਧਰ ’ਤੇ ਜ਼ਾਬਤੇ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਇਹ ਸਾਬਿਤ ਕਰੇ ਕਿ ਮੈਂ ਗ਼ਲਤ ਤਰੀਕੇ ਨਾਲ ਕੰਮ ਕੀਤਾ ਹੈ।’’  ਦੂਜੇ ਪਾਸੇ ਸਟਾਰਮਰ ਨੇ ਟਿਊਲਿਪ ਦੀ ਥਾਂ ਐਮਾ ਰੇਨੋਲਡਜ਼ ਨੂੰ ਨਿਯੁਕਤ ਕੀਤਾ ਹੈ, ਹੁਣ ਤਕ ਐਮਾ ਸਰਕਾਰ ਵਿਚ ਪੈਨਸ਼ਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀ।

ਜਾਂਚ ’ਚ ਟਿਊਲਿਪ ਦਾ ਨਾਂ ਸਾਹਮਣੇ ਆਇਆ ਸੀ : ਟਿਊਲਿਪ ਸਿੱਦੀਕ ਦਾ ਨਾਮ ਦਸੰਬਰ ਵਿਚ ਬੰਗਲਾਦੇਸ਼ ਦੀ ਇਕ ਜਾਂਚ ਵਿਚ ਆਇਆ ਸੀ ਕਿ ਕੀ ਉਸਦਾ ਪਰਵਾਰ ਬੰਗਲਾਦੇਸ਼ੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਤੋਂ ਫ਼ੰਡਾਂ ਦੀ ਗਬਨ ਵਿਚ ਸ਼ਾਮਲ ਸੀ। ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ 12.65 ਬਿਲੀਅਨ ਡਾਲਰ ਦੇ ਪਰਮਾਣੂ ਊਰਜਾ ਇਕਰਾਰਨਾਮੇ ਦੀ ਵੰਡ ਵਿਚ ਅਰਬਾਂ ਡਾਲਰ ਦੀ ਵਿੱਤੀ ਬੇਨਿਯਮੀਆਂ ਦਾ ਦੋਸ਼ ਲਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸ਼ੇਖ ਹਸੀਨਾ ਅਤੇ ਟਿਊਲਿਪ ਸਿੱਦੀਕ ਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ।