South Korea: ਭ੍ਰਿਸ਼ਟਾਚਾਰ ਦੇ ਆਰੋਪਾਂ ਤਹਿਤ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਯੂਨ ਸੁਕ-ਯੋਲ ਨੇ ਆਪਣੇ ’ਤੇ ਲੱਗੇ ਆਰੋਪਾਂ ਨੂੰ ਦਿੱਤਾ ਗੈਰ-ਕਾਨੂੰਨੀ ਕਰਾਰ
South Korea: ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਪੁਲਿਸ ਮਹਾਦੋਸ਼ ਦਾ ਸਾਹਮਣਾ ਕਰ ਰਹੇ ਯੋਲ ਨੂੰ ਗ੍ਰਿਫ਼ਤਾਰ ਕਰਨ ਆਈ ਤਾਂ ਉਸ ਦੇ ਸਮਰਥਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਉ ਸਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ। ਪੁਲਿਸ ਵਿਰੁਧ ਰੋਸ ਪ੍ਰਦਰਸ਼ਨ ਹੋਇਆ। ਹੰਗਾਮੇ ਕਾਰਨ ਉਸ ਦੀ ਗ੍ਰਿਫ਼ਤਾਰੀ ਨੂੰ ਟਾਲਿਆ ਜਾ ਰਿਹਾ ਸੀ। ਪਰ ਪੁਲਿਸ ਨੇ ਘਰ ਦੇ ਅੰਦਰ ਪੌੜੀਆਂ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤਰ੍ਹਾਂ ਯੋਲ ਦੱਖਣੀ ਕੋਰੀਆ ਦੇ ਪਹਿਲੇ ਰਾਸ਼ਟਰਪਤੀ ਬਣੇ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੋਲ ਕਈ ਦਿਨਾਂ ਤੋਂ ਨਿੱਜੀ ਸੁਰੱਖਿਆ ਕਰਮਚਾਰੀਆਂ ਨਾਲ ਆਪਣੇ ਨਿਵਾਸ ਸਥਾਨ 'ਤੇ ਠਹਿਰਿਆ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ, ਜਾਂਚ ਏਜੰਸੀਆਂ ਨੇ ਯੋਲ ਦੇ ਨਿਵਾਸ ਵਿੱਚ ਦਾਖ਼ਲ ਹੋਣ ਲਈ ਇੱਕ ਪੌੜੀ ਦੀ ਵਰਤੋਂ ਕੀਤੀ। ਪੁਲਿਸ ਪੌੜੀਆਂ ਚੜ੍ਹ ਕੇ ਯੋਲ ਦੇ ਘਰ ਵਿੱਚ ਦਾਖ਼ਲ ਹੋਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਖਣੀ ਕੋਰੀਆ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਰਾਸ਼ਟਰਪਤੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਿਓਲ ਅਦਾਲਤ ਨੇ ਭ੍ਰਿਸ਼ਟਾਚਾਰ ਜਾਂਚ ਦਫ਼ਤਰ (ਸੀਆਈਓ) ਦੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਕਰਨ ਦਾ ਹੁਕਮ ਦਿੱਤਾ ਸੀ। ਪਰ ਵਾਰ-ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਯੋਲ ਪੇਸ਼ ਨਹੀਂ ਹੋਇਆ।
ਗ੍ਰਿਫ਼ਤਾਰੀ ਤੋਂ ਬਾਅਦ, ਰਾਸ਼ਟਰਪਤੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਜਾਂਚ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਉਹ ਕਹਿੰਦਾ ਹੈ ਕਿ ਉਸ ਨੇ ਖੂਨ-ਖਰਾਬੇ ਤੋਂ ਬਚਣ ਲਈ ਸੀਆਈਓ ਸਾਹਮਣੇ ਪੇਸ਼ ਹੋਣ ਦਾ ਫ਼ੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਯੂਨ ਸੁਕ ਯੋਲ 3 ਦਸੰਬਰ ਦੀ ਰਾਤ ਨੂੰ ਅਚਾਨਕ ਮਾਰਸ਼ਲ ਲਾਅ ਲਗਾਉਣ ਕਾਰਨ ਆਲੋਚਨਾ ਦੇ ਘੇਰੇ ਵਿੱਚ ਆ ਗਏ ਸਨ।
ਸਿਓਲ ਦੀ ਇੱਕ ਅਦਾਲਤ ਨੇ ਮਾਰਸ਼ਲ ਲਾਅ ਲਗਾਉਣ ਲਈ ਰਾਸ਼ਟਰਪਤੀ ਯੂਨ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ 14 ਦਸੰਬਰ ਨੂੰ ਰਾਸ਼ਟਰਪਤੀ ਯੂਨ 'ਤੇ ਮਹਾਂਦੋਸ਼ ਲਗਾਇਆ ਗਿਆ ਸੀ। ਨਿਆਂ ਮੰਤਰਾਲੇ ਨੇ ਯੂਨ ਨੂੰ ਅਹੁਦੇ 'ਤੇ ਰਹਿੰਦਿਆਂ ਦੇਸ਼ ਛੱਡਣ ਤੋਂ ਰੋਕ ਦਿੱਤਾ। ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਦੇ ਨਾਲ ਮਿਲ ਕੇ ਉਨ੍ਹਾਂ ਦੇ ਹੁਕਮ ਨੂੰ ਗ਼ਲਤ ਦੱਸਦਿਆਂ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ। ਰਾਸ਼ਟਰਪਤੀ ਯੂਨ ਨੂੰ ਇਸ ਫ਼ੈਸਲੇ 'ਤੇ ਮਹਾਂਦੋਸ਼ ਅਤੇ ਅਪਰਾਧਿਕ ਜਾਂਚ ਦਾ ਸਾਹਮਣਾ ਕਰਨਾ ਪਿਆ।