Indian High ਕਮਿਸ਼ਨਰ ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ’ਚ ਕੈਨੇਡਾ ਦੇ ਦੋਸ਼ ਨਕਾਰੇ
ਕਿਹਾ : ‘ਕਤਲ ਦਾ ਮਾਮਲਾ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਹੈ, ਭਾਰਤ ਸਰਕਾਰ ਖ਼ਿਲਾਫ਼ ਨਹੀਂ’
ਨਵੀਂ ਦਿੱਲੀ : ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਕੇ. ਪਟਨਾਇਕ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸਬੰਧਤ ਕੈਨੇਡਾ ਵੱਲੋਂ ਲਾਏ ਜਾਂਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਭਾਰਤ ਸਰਕਾਰ ਖ਼ਿਲਾਫ਼ ਨਹੀਂ ਸਗੋਂ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਹੋਇਆ ਹੈ, ਜੇ ਭਾਰਤ ਸਰਕਾਰ ਨਾਲ ਸਬੰਧਤ ਕਿਸੇ ਨੇ ਇਹ ਕਾਰਾ ਕੀਤਾ ਹੈ ਤਾਂ ਉਸ ਦੇ ਸਬੂਤ ਦਿੱਤੇ ਜਾਣ, ਭਾਰਤ ਸਰਕਾਰ ਕਾਰਵਾਈ ਕਰੇਗੀ ।ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਪਟਨਾਇਕ ਨੇ ਕਿਹਾ ਕਿ ਏਅਰ ਇੰਡੀਆ ਬੰਬ ਕਾਂਡ ਦੀ ਜਾਂਚ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ ਅਤੇ ਕਿਸੇ ਇਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਹੋਈ ਹੈ ਜਦਕਿ ਭਾਰਤ ਬੀਤੇ 40 ਸਾਲਾਂ ਤੋਂ ਕੈਨੇਡਾ ’ਚ ਅਤਿਵਾਦ ਦੀ ਗੱਲ ਕਰ ਰਿਹਾ ਹੈ।
ਬੀਤੇ ਸਾਲ ਸਤੰਬਰ ’ਚ ਹਾਈ ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲੇ ਪਟਨਾਇਕ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਵਪਾਰਕ ਮਿਸ਼ਨ ਲਈ ਭਾਰਤ ਦੌਰੇ ’ਤੇ ਹਨ। ਭਾਰਤੀ ਸਫ਼ੀਰ ਨੇ ਕਿਹਾ, ‘‘ਸਿੱਖ ਵੱਖਵਾਦੀ ਆਗੂ ਦੀ ਹੱਤਿਆ ਦੇ ਸਬੂਤ ਕਿੱਥੇ ਹਨ? ਹਰ ਵਾਰ ਤੁਸੀਂ ਆਖਦੇ ਹੋ ਕਿ ਭਰੋਸੇਯੋਗ ਸੂਚਨਾ ਹੈ। ਅਸੀਂ ਹਰ ਵਾਰ ਆਖਿਆ ਹੈ ਕਿ ਇਹ ਬੇਤੁਕੇ ਦੋਸ਼ ਹਨ। ਅਸੀਂ ਇਹੋ ਜਿਹੇ ਕਾਰੇ ਨਹੀਂ ਕਰਦੇ ਹਾਂ। ਦੋਸ਼ ਲਾਉਣੇ ਹਮੇਸ਼ਾ ਸੌਖੇ ਹੁੰਦੇ ਹਨ ਪਰ ਉਸ ਦਾ ਸਬੂਤ ਵੀ ਹੋਣਾ ਚਾਹੀਦਾ ਹੈ।’’