ਪਾਕਿ ਦੇ ਬੜਬੋਲੇ ਮੰਤਰੀ ਦਾ ਬੇਤੁਕਾ ਬਿਆਨ,ਅੱਥਰੂ ਗੈਸ ਨੂੰ ਟੈਸਟ ਕਰਨ ਲਈ ਪ੍ਰਦਰਸ਼ਨਕਾਰੀਆਂ 'ਤੇ ਵਰਤਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਖਿਲਾਫ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ

Sheikh Rashid Ahmed

ਇਸਲਾਮਾਬਾਦ:  ਬੜਬੋਲੇ ਮੰਤਰੀ ਵਜੋਂ ਜਾਣੇ ਜਾਂਦੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਇਸ ਕਾਰਨ ਮੰਤਰੀ ਖਿਲਾਫ ਕਾਰਵਾਈ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।

ਪਾਕਿਸਤਾਨ ਦੇ ਅਖਬਾਰ 'ਡਾਨ' ਦੀ ਰਿਪੋਰਟ ਅਨੁਸਾਰ ਤਨਖਾਹ ਵਾਧੇ ਲਈ ਵਿਰੋਧ ਕਰ ਰਹੇ ਸਰਕਾਰੀ ਕਰਮਚਾਰੀਆਂ 'ਤੇ ਪਾਕਿਸਤਾਨ ਪੁਲਿਸ ਵੱਲੋਂ ਅੱਥਰੂ ਗੈਸ ਜਾਰੀ ਕਰਨ ਦੀ ਘਟਨਾ ਤੋਂ ਕੁਝ ਦਿਨ ਬਾਅਦ, ਸ਼ੇਖ ਰਾਸ਼ਿਦ ਨੇ ਕਿਹਾ ਕਿ ਅਜਿਹਾ ਕਰਨਾ ਜ਼ਰੂਰੀ ਸੀ ਕਿਉਂਕਿ ਅੱਥਰੂ ਗੈਸ ਦੀ ਸਮੇਂ ਤੋਂ ਵਰਤੋਂ ਨਹੀਂ ਕੀਤੀ ਗਈ ਸੀ।' 

ਰਾਸ਼ਿਦ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ 'ਤੇ ਸਿਰਫ ਕੁਝ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਸੀ, ਜ਼ਿਆਦਾ ਨਹੀਂ। ਡਾਨ ਦੀ ਖ਼ਬਰ ਅਨੁਸਾਰ, ਸਰਕਾਰੀ ਕਮੇਟੀ ਦਾ ਹਿੱਸਾ ਰਹੇ ਰਾਸ਼ਿਦ ਨੇ ਕਿਹਾ ਕਿ ਅਸਲ ਸਮੱਸਿਆ ਅੱਥਰੂ ਗੈਸ ਦੇ ਗੋਲੇ ਨਹੀਂ ਬਲਕਿ ਤਨਖਾਹ ਵਾਧੇ ਦੀ ਸੀ, ਜਿਸ ਕਾਰਨ ਮਹਿੰਗਾਈ ਦੇ ਇਸ ਸਮੇਂ 'ਚ ਖਜ਼ਾਨੇ 'ਤੇ ਅਰਬਾਂ ਰੁਪਏ ਦਾ ਭਾਰ ਪਵੇਗਾ।

10 ਫਰਵਰੀ ਨੂੰ ਪਾਕਿਸਤਾਨ ਪੁਲਿਸ ਨੇ ਸਰਕਾਰੀ ਕਰਮਚਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜੋ ਤਨਖਾਹ ਅਤੇ ਪੈਨਸ਼ਨ 'ਚ ਵਾਧਾ ਦੀ ਮੰਗ ਕਰ ਰਹੇ ਸਨ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਇਸ ਬੇਤੁਕੇ ਬਿਆਨ ਲਈ ਸ਼ੇਖ ਰਸ਼ੀਦ ਤੋਂ ਮੁਆਫੀ ਦੀ ਮੰਗ ਕੀਤੀ ਹੈ।