ਸੰਯੁਕਤ ਰਾਸ਼ਟਰ ਮਹਾਸਭਾ ’ਚ ਜੰਮੂ-ਕਸ਼ਮੀਰ ਦਾ ‘ਅਣਉਚਿਤ’ ਜ਼ਿਕਰ ਕਰਨ ’ਤੇ ਭਾਰਤ ਨੇ ਪਾਕਿਸਤਾਨ ਦੀ ਕੀਤੀ ਨਿੰਦਾ
'ਨਾ ਹੀ ਸਰਹੱਦ ਪਾਰ ਅਤਿਵਾਦ ਦੇ ਉਸ ਦੇ ਅਭਿਆਸ ਨੂੰ ਜਾਇਜ਼ ਠਹਿਰਾਉਣਗੀਆਂ'
ਸੰਯੁਕਤ ਰਾਸ਼ਟਰ: ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਜੰਮੂ-ਕਸ਼ਮੀਰ ਦਾ ਗਲਤ ਹਵਾਲਾ ਦੇਣ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਹੈ। ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹੀਆਂ ਟਿਪਣੀਆਂ ਨਾ ਤਾਂ ਦੇਸ਼ ਦੇ ਦਾਅਵੇ ਦੀ ਪੁਸ਼ਟੀ ਕਰਨਗੀਆਂ ਅਤੇ ਨਾ ਹੀ ਸਰਹੱਦ ਪਾਰ ਅਤਿਵਾਦ ਦੇ ਉਸ ਦੇ ਅਭਿਆਸ ਨੂੰ ਜਾਇਜ਼ ਠਹਿਰਾਉਣਗੀਆਂ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਪੀ.ਹਰੀਸ਼ ਨੇ ਸ਼ੁਕਰਵਾਰ ਨੂੰ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਕੌਮਾਂਤਰੀ ਦਿਵਸ ਮਨਾਉਣ ਲਈ ਜਨਰਲ ਅਸੈਂਬਲੀ ਦੀ ਗੈਰਰਸਮੀ ਬੈਠਕ ’ਚ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਸਕੱਤਰ ਨੇ ਅੱਜ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਹਵਾਲਾ ਦਿਤਾ ਹੈ।
ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਵਲੋਂ ਵਾਰ-ਵਾਰ ਹਵਾਲਾ ਦੇਣ ਨਾਲ ਨਾ ਤਾਂ ਉਨ੍ਹਾਂ ਦੇ ਦਾਅਵੇ ਦੀ ਪੁਸ਼ਟੀ ਹੋਵੇਗੀ ਅਤੇ ਨਾ ਹੀ ਸਰਹੱਦ ਪਾਰ ਅਤਿਵਾਦ ਦੇ ਉਨ੍ਹਾਂ ਦੇ ਅਭਿਆਸ ਨੂੰ ਜਾਇਜ਼ ਠਹਿਰਾਇਆ ਜਾਵੇਗਾ।
ਉਨ੍ਹਾਂ ਕਿਹਾ, ‘‘ਇਸ ਰਾਸ਼ਟਰ ਦੀ ਕੱਟੜ ਮਾਨਸਿਕਤਾ ਅਤੇ ਕੱਟੜਤਾ ਦਾ ਸਾਰਿਆਂ ਨੂੰ ਪਤਾ ਹੈ। ਅਜਿਹੀਆਂ ਕੋਸ਼ਿਸ਼ਾਂ ਇਸ ਹਕੀਕਤ ਨੂੰ ਨਹੀਂ ਬਦਲਣਗੀਆਂ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਸੀ ਅਤੇ ਹਮੇਸ਼ਾ ਰਹੇਗਾ।’’ ਹਰੀਸ਼ ਦਾ ਸਖ਼ਤ ਜਵਾਬ ਪਾਕਿਸਤਾਨ ਦੀ ਸਾਬਕਾ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਵਲੋਂ ਇਸਲਾਮੋਫੋਬੀਆ ਨਾਲ ਲੜਨ ਲਈ ਕੌਮਾਂਤਰੀ ਦਿਵਸ ਮਨਾਉਣ ਲਈ ਗੈਰ ਰਸਮੀ ਮੀਟਿੰਗ ’ਚ ਅਪਣੀ ਟਿਪਣੀ ’ਚ ਜੰਮੂ-ਕਸ਼ਮੀਰ ਦਾ ਹਵਾਲਾ ਦੇਣ ਤੋਂ ਬਾਅਦ ਆਇਆ ਹੈ।