ਮਿਆਂਮਾਰ ’ਚ ਦੂਰਸੰਚਾਰ ਧੋਖਾਧੜੀ ਦੇ ਮਾਮਲਿਆਂ ’ਚ ਸ਼ਾਮਲ 2,800 ਤੋਂ ਵੱਧ ਚੀਨੀ ਭੇਜੇ ਵਾਪਸ
ਮਿਆਂਮਾਰ ਤੋਂ ਚੀਨ ਵਾਪਸ ਭੇਜ ਦਿਤਾ ਗਿਆ
ਬੀਜਿੰਗ : ਟੈਲੀਕਾਮ ਧੋਖਾਧੜੀ ਦੇ ਸ਼ੱਕ ’ਚ 2,800 ਤੋਂ ਵੱਧ ਚੀਨੀ ਨਾਗਰਿਕਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਿਆਂਮਾਰ ਤੋਂ ਚੀਨ ਵਾਪਸ ਭੇਜ ਦਿਤਾ ਗਿਆ ਹੈ। ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਦੇ ਅਨੁਸਾਰ, ਚੀਨ, ਮਿਆਂਮਾਰ ਅਤੇ ਥਾਈਲੈਂਡ ਦੀ ਸਾਂਝੀ ਕਾਰਵਾਈ ਤੋਂ ਬਾਅਦ ਮਿਆਂਮਾਰ ਦੇ ਮਯਾਵਦੀ ਤੋਂ ਕੁਲ 2,876 ਸ਼ੱਕੀਆਂ ਨੂੰ ਵਾਪਸ ਲਿਆਂਦਾ ਗਿਆ।
20 ਫ਼ਰਵਰੀ ਨੂੰ ਸ਼ੁਰੂ ਕੀਤੇ ਗਏ ਸਾਂਝੇ ਆਪਰੇਸ਼ਨ ’ਚ ਵੱਡੇ ਪੱਧਰ ’ਤੇ ਵਾਪਸੀ ਨੂੰ ਇਕ ਮਹੱਤਵਪੂਰਨ ਪ੍ਰਾਪਤੀ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਚੀਨ ਦੇ ਜਨਤਕ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ‘‘ਵਿਦੇਸ਼ੀ ਅਪਰਾਧਕ ਗਿਰੋਹਾਂ ਨੂੰ ਸ਼ਕਤੀਸ਼ਾਲੀ ਕਾਰਵਾਈ’’ ਵਜੋਂ ਦਰਸਾਉਂਦਾ ਹੈ। ਪਿਛਲੇ ਮਹੀਨੇ ਚੀਨ ਦੀ ਇਕ ਅਦਾਲਤ ਨੇ ਸਰਹੱਦ ਪਾਰ ਦੂਰਸੰਚਾਰ ਧੋਖਾਧੜੀ ਦੇ ਮਾਮਲਿਆਂ ਵਿਚ ਸ਼ਾਮਲ ਚਾਰ ਪ੍ਰਮੁੱਖ ਹਸਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਧੋਖਾਧੜੀ ਕਰਨ ਵਾਲਿਆਂ ਨੇ ਭਾਰਤ ਅਤੇ ਹੋਰ ਦੇਸ਼ਾਂ ’ਚ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਲਈ ਅੰਗਰੇਜ਼ੀ ਅਤੇ ਚੀਨੀ ਵਰਗੀਆਂ ਭਾਸ਼ਾਵਾਂ ’ਚ ਹੁਨਰ ਵਾਲੇ ਕਾਮਿਆਂ ਦੀ ਭਰਤੀ ਕੀਤੀ ਸੀ।