11 ਭਾਰਤੀ ਨਾਗਰਿਕਾਂ ਉਤੇ ਅਮਰੀਕਾ 'ਚ ਵੀਜ਼ਾ ਧੋਖਾਧੜੀ ਦੇ ਦੋਸ਼
ਮੁਲਜ਼ਮ ਵੱਖੋ-ਵੱਖ ਅਮਰੀਕੀ ਸੂਬਿਆਂ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ।
ਨਿਊਯਾਰਕ: ਅਮਰੀਕੀ ਫੈਡਰਲ ਵਕੀਲਾਂ ਨੇ 11 ਭਾਰਤੀ ਨਾਗਰਿਕਾਂ ਉਤੇ ਵੀਜ਼ਾ ਧੋਖਾਧੜੀ ਦੇ ਦੋਸ਼ ਲਗਾਏ ਹਨ। ਇਹ ਲੋਕ ਅਮਰੀਕਾ ’ਚ ਗੈਰਕਾਨੂੰਨੀ ਤੌਰ ਉਤੇ ਰਹਿ ਰਹੇ ਸਨ ਅਤੇ ਉਨ੍ਹਾਂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਸੁਪਰਮਾਰਕੀਟਾਂ ਤੇ ਫਾਸਟ ਫੂਡ ਰੈਸਟੋਰੈਂਟਾਂ ’ਚ ਨਕਲੀ ਲੁੱਟਾਂ ਕਰਵਾਈਆਂ ਤਾਂ ਜੋ ਕਰਮਚਾਰੀ ਖ਼ੁਦ ਨੂੰ ਅਪਰਾਧ ਦੇ ਪੀੜਤ ਵਜੋਂ ਦਰਸਾ ਸਕਣ ਅਤੇ ‘ਯੂ ਵੀਜ਼ਾ’ ਲਈ ਅਰਜ਼ੀ ਦੇ ਸਕਣ।
ਜਸਟਿਸ ਡਿਪਾਰਟਮੈਂਟ ਦੇ ਬਿਆਨ ਅਨੁਸਾਰ, ‘‘ਇਹ ਨਕਲੀ ਲੁੱਟਾਂ ਦਾ ਮਕਸਦ ਸੀ ਕਿ ਕਰਮਚਾਰੀ ਕਾਨੂੰਨੀ ਕਾਰਵਾਈ ’ਚ ਸਹਿਯੋਗੀ ਬਣ ਕੇ ਗ੍ਰੀਨ ਕਾਰਡ ਦੀ ਰਾਹਦਾਰੀ ਪ੍ਰਾਪਤ ਕਰ ਸਕਣ।’’ ਇਸ ਮਾਮਲੇ ’ਚ ਜਿਤੇਂਦਰ ਕੁਮਾਰ ਪਟੇਲ (39), ਮਹੇਸ਼ ਕੁਮਾਰ ਪਟੇਲ (36), ਸੰਜੇ ਕੁਮਾਰ ਪਟੇਲ (45), ਦੀਪਿਕਾ ਬੇਨ ਪਟੇਲ (40), ਰਮੇਸ਼ ਭਾਈ ਪਟੇਲ (52), ਅਮਿਤਾ ਬੇਨ ਪਟੇਲ (43), ਰੌਣਕ ਕੁਮਾਰ ਪਟੇਲ (28), ਸੰਗੀਤਾ ਬੇਨ ਪਟੇਲ (36), ਮਿਨਕੇਸ਼ ਪਟੇਲ (42), ਸੋਨਲ ਪਟੇਲ (42) ਅਤੇ ਮਿਤੁਲ ਪਟੇਲ (40) ਵਿਰੁਧ ਵੀਜ਼ਾ ਧੋਖਾਧੜੀ ਦੀ ਸਾਜ਼ਸ਼ ਰਚਣ ਦੇ ਦੋਸ਼ ਲਗਾਏ ਗਏ ਹਨ।
ਇਹ ਸਾਰੇ ਵੱਖੋ-ਵੱਖ ਅਮਰੀਕੀ ਸੂਬਿਆਂ ’ਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਕੁੱਝ ਨੂੰ ਮੈਸਾਚੂਸੇਟਸ ’ਚ ਫੈਡਰਲ ਅਦਾਲਤ ’ਚ ਪੇਸ਼ ਕੀਤਾ ਗਿਆ ਜਦਕਿ ਹੋਰਾਂ ਨੂੰ ਕੈਨਟਕੀ, ਮਿਸੋਰੀ ਅਤੇ ਓਹਾਇਓ ’ਚ ਗਿ੍ਰਫਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਕਿਹਾ, “ਇਹ ਲੋਕਾਂ ਨੇ ਪੈਸੇ ਦੇ ਕੇ ਅਪਣੀ ਜਾਂ ਪਰਿਵਾਰਕ ਮੈਂਬਰ ਦੀ ਭੂਮਿਕਾ ‘ਨਕਲੀ ਪੀੜਤ‘ ਵਜੋਂ ਨਿਭਾਈ।’’ ਜੇ ਦੋਸ਼ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਪੰਜ ਸਾਲ ਤਕ ਦੀ ਕੈਦ, ਤਿੰਨ ਸਾਲ ਦੀ ਨਿਗਰਾਨੀ ਅਤੇ 2.5 ਲੱਖ ਡਾਲਰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (ਪੀ.ਟੀ.ਆਈ.)