ਪਾਕਿ ਨੇ ਭਾਰਤੀ ਸ਼ਫ਼ੀਰ ਨੂੰ ਸਿੱਖ ਸ਼ਰਧਾਲੂਆਂ ਨਾਲ ਨਹੀਂ ਕਰਨ ਦਿਤੀ ਮੁਲਾਕਾਤ, ਭਾਰਤ ਵਲੋਂ ਵਿਰੋਧ ਦਰਜ
ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਰੀਬ 1800 ਸਿੱਖ ਸ਼ਰਧਾਲੂਆਂ ਦਾ ਇਕ ਜਥਾ ਤੀਰਥ ਯਾਤਰਾ ਸਬੰਧੀ ਦੁਵੱਲੀ ਸੰਧੀ ਤਹਿਤ 12 ਅਪ੍ਰੈਲ ਨੂੰ ਪਾਕਿਸਤਾਨ ਦੀ ਯਾਤਰਾ 'ਤੇ ਗਿਆ।
ਨਵੀਂ ਦਿੱਲੀ, 15 ਅਪ੍ਰੈਲ : ਭਾਰਤ ਨੇ ਪਾਕਿਸਤਾਨ ਵਿਚ ਉਸ ਦੇ ਸ਼ਫ਼ੀਰਾਂ ਨੂੰ ਤੀਰਥ ਯਾਤਰਾ 'ਤੇ ਗਏ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਨਾ ਕਰਨ ਦੇਣ ਅਤੇ ਉਥੋਂ ਇਕ ਪ੍ਰਮੁੱਖ ਗੁਰਦੁਆਰਾ ਸਾਹਿਬ ਜਾ ਰਹੇ ਭਾਰਤੀ ਸ਼ਫ਼ੀਰ ਨੂੰ ਰਸਤੇ ਤੋਂ ਹੀ ਵਾਪਸ ਜਾਣ ਲਈ ਮਜਬੂਰ ਕਰਨ 'ਤੇ ਉਸ ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ ਹੈ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਕਰੀਬ 1800 ਸਿੱਖ ਸ਼ਰਧਾਲੂਆਂ ਦਾ ਇਕ ਜਥਾ ਤੀਰਥ ਯਾਤਰਾ ਸਬੰਧੀ ਦੁਵੱਲੀ ਸੰਧੀ ਤਹਿਤ 12 ਅਪ੍ਰੈਲ ਨੂੰ ਪਾਕਿਸਤਾਨ ਦੀ ਯਾਤਰਾ 'ਤੇ ਗਿਆ।
ਇਨ੍ਹਾਂ ਭਾਰਤੀ ਤੀਰਥ ਯਾਤਰੀਆਂ ਦਾ ਸਵਾਗਤ ਕਰਨ ਲਈ ਭਾਰਤੀ ਹਾਈ ਕਮਿਸ਼ਨ ਕਲ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਪ੍ਰਧਾਨ ਦੇ ਸੱਦੇ 'ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਾ ਰਹੇ ਸਨ, ਪਰ ਬਿਨਾਂ ਕੋਈ ਕਾਰਨ ਦਸੇ ਉਨ੍ਹਾਂ ਨੂੰ ਵਿਚਕਾਰ ਰਸਤੇ ਤੋਂ ਹੀ ਵਾਪਸ ਜਾਣ ਲਈ ਮਜਬੂਰ ਕਰ ਦਿਤਾ ਗਿਆ।
ਵਿਦੇਸ਼ ਮੰਤਰਾਲਾ ਨੇ ਇਸ ਨੂੰ ਪਾਕਿਸਤਾਨ ਦੀ ਕੂਟਨੀਤਕ ਬੇਅਦਬੀ ਕਰਾਰ ਦਿਤਾ ਅਤੇ ਕਿਹਾ ਕਿ ਇਹ ਘਟਨਾਵਾਂ ਰਾਜਨਾਇਕ ਸਬੰਧਾਂ 'ਤੇ ਵਿਏਨਾ ਸਬੰਧੀ ਦਾ ਸਪੱਸ਼ਟ ਉਲੰਘਣ ਹਨ। ਉਸ ਨੇ ਕਿਹਾ ਕਿ ਭਾਰਤ ਨੇ ਤੀਰਥ ਯਾਤਰਾ 'ਤੇ ਗਏ ਸ਼ਰਧਾਲੂਆਂ ਨਾਲ ਭਾਰਤੀ ਸ਼ਫ਼ੀਰਾਂ ਅਤੇ ਦੂਤਘਰ ਦੀਆਂ ਟੀਮਾਂ ਨੂੰ ਨਾ ਮਿਲਣ ਦੇਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਅਜੇ ਮਹਿਜ਼ ਦੋ ਹਫ਼ਤੇ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਸ਼ਫ਼ੀਰਾਂ ਦੇ ਨਾਲ ਰਵਈਏ ਨਾਲ ਜੁੜੇ ਮੁਦਿਆਂ ਦਾ ਹੱਲ ਕਰਨ ਲਈ ਰਾਜ਼ੀ ਹੋਏ ਸਨ ਕਿਉਂਕਿ ਇਨ੍ਹਾਂ ਦੋਵੇਂ ਦੇਸ਼ਾਂ ਦੇ ਦੂਤਾਂ ਨੇ ਇਕ ਦੂਜੇ ਦੇ ਰਾਜਨਾਇਕਾਂ ਦੇ ਸੋਸ਼ਣ ਦੇ ਦਾਅਵੇ ਕੀਤੇ ਸਨ।