ਟਿੰਬਕਟੂ 'ਚ ਅਤਿਵਾਦੀ ਹਮਲਾ, ਇਕ ਦੀ ਮੌਤ, ਕਈ ਜ਼ਖ਼ਮੀ
ਟਿੰਬਕਟੂ ਦੇ ਹਵਾਈ ਅੱਡਾ ਖੇਤਰ ਵਿਚ ਰਾਕੇਟ ਅਤੇ ਕਾਰ ਬੰਬ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਇਕ ਸ਼ਾਂਤੀ ਸੈਨਿਕ ਦੀ ਮੌਤ ਹੋ ਗਈ ਅਤੇ ਕਈ ...
ਬਮਾਕੋ : ਟਿੰਬਕਟੂ ਦੇ ਹਵਾਈ ਅੱਡਾ ਖੇਤਰ ਵਿਚ ਰਾਕੇਟ ਅਤੇ ਕਾਰ ਬੰਬ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਇਕ ਸ਼ਾਂਤੀ ਸੈਨਿਕ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਹਨ। ਨਾਲ ਹੀ ਫ਼ਰਾਂਸ ਦੇ ਵੀ 10 ਤੋਂ ਜ਼ਿਆਦਾ ਫ਼ੌਜੀ ਹਮਲੇ ਵਿਚ ਜ਼ਖ਼ਮੀ ਹੋ ਗਏ ਹਨ। ਮਾਲੀ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ ਹੈ।
ਮੰਤਰਾਲੇ ਨੇ ਫ਼ੇਸਬੁਕ 'ਤੇ ਇਕ ਪੋਸਟ ਵਿਚ ਲਿਖਿਆ ''ਇਕ ਅਤਿਵਾਦੀ ਹਮਲੇ ਵਿਚ ਫ਼ਰਾਂਸ ਦੇ ਬਰਖ਼ਾਨ ਫ਼ੌਜੀ ਕੈਂਪ ਅਤੇ ਉਤਰੀ ਮਾਲੀ ਸ਼ਹਿਰ ਦੇ ਬਾਹਰ ਤਾਇਨਾਤ ਸੰਯੁਕਤ ਰਾਸ਼ਟਰ ਦੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਕਰੀਬ ਇਕ ਦਰਜਨ ਰਾਕੇਟ ਦੋ ਕੈਂਪਾਂ 'ਤੇ ਦਾਗ਼ੇ ਗਏ, ਜਿੱਥੇ ਸੰਯੁਕਤ ਰਾਸ਼ਟਰ ਦੇ ਨੀਲੇ ਹੈਲਮੇਟ ਪਹਿਨੇ ਦੋ ਵਾਹਨਾਂ ਵਿਚੋਂ ਇਕ 'ਤੇ ਆਏ ਹਮਲਾਵਰਾਂ ਨੇ ਬੰਬ ਲੈ ਰੱਖੇ ਸਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ ਇਕ ਵਾਹਨ ਵਿਚ ਸਵਾਰ ਹਮਲਾਵਰਾਂ ਨੇ ਧਮਾਕਾ ਕਰ ਕੇ ਖ਼ੁਦ ਨੂੰ ਉਡਾ ਲਿਆ ਜਦਕਿ ਸੰਯੁਕਤ ਰਾਸ਼ਟਰ ਦੇ ਚਿੰਨ੍ਹ ਵਾਲਾ ਦੂਜਾ ਵਾਹਨ ਰੁਕ ਗਿਆ। ਮੰਤਰਾਲੇ ਨੇ ਦਸਿਆ ਕਿ ਤਾਜ਼ਾ ਅੰਕੜਿਆਂ ਅਨੁਸਾਰ ਸੰਯੁਕਤ ਰਾਸ਼ਟਰ ਦਾ ਇਕ ਫ਼ੌਜੀ ਮਾਰਿਆ ਗਿਆ ਹੈ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।
ਉਥੇ ਫ਼ਰਾਂਸ ਦੇ ਵੀ 10 ਤੋਂ ਜ਼ਿਆਦਾ ਫ਼ੌਜੀ ਜ਼ਖ਼ਮੀ ਹੋ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਸਥਿਤੀ ਹੁਣ ਕਾਬੂ ਵਿਚ ਹੈ। ਇਕ ਵਿਦੇਸ਼ੀ ਸੁਰੱਖਿਆ ਸੂਤਰ ਨੇ ਦਸਿਆ ਕਿ ਟਿੰਬਕਟੂ ਹਮਲਾ ਭਿਆਨਕ ਸੀ।