ਜੋ ਬਾਈਡੇਨ ਦਾ ਐਲਾਨ, 11 ਸਤੰਬਰ ਤੋਂ ਪਹਿਲਾਂ ਅਫ਼ਗਾਨਿਸਤਾਨ ਤੋਂ ਵਾਪਸ ਆਉਣਗੇ ਅਮਰੀਕੀ ਸੈਨਿਕ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸੈਨਾ 9/11 ਦੀ 20ਵੀਂ ਬਰਸੀ 'ਤੇ ਅਫ਼ਗਾਨਿਸਤਾਨ ਛੱਡੇਗੀ

US President Biden announces complete troop withdrawal from Afghanistan

ਵਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਦੀ 11 ਸਤੰਬਰ ਤੱਕ ਸਾਰੇ ਅਮਰੀਕੀ ਸੈਨਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਬੁਲਾ ਲੈਣਗੇ। ਅਧਿਕਾਰੀਆਂ ਅਨੁਸਾਰ ਅਮਰੀਕੀ ਸੈਨਾ 9/11 ਦੀ 20ਵੀਂ ਬਰਸੀ 'ਤੇ ਅਫ਼ਗਾਨਿਸਤਾਨ ਛੱਡੇਗੀ। ਇਸ ਮੁਤਾਬਕ 1 ਮਈ ਤੋਂ ਪਹਿਲਾਂ ਸੈਨਾ ਦੀ ਕਟੌਤੀ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 11 ਸਤੰਬਰ ਤੱਕ ਸਾਰੀਆਂ 3000 ਤੋਂ ਉੱਪਰ ਫੌਜਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ।

 

ਬਾਈਡੇਨ ਪਿਛਲੇ ਕਈ ਹਫ਼ਤਿਆਂ ਤੋਂ ਸੰਕੇਤ ਦੇ ਰਹੇ ਸਨ ਕਿ ਉਹ ਸਮਾਂ ਸੀਮਾਂ ਨੂੰ ਖ਼ਤਮ ਹੋਣ ਦੇਣਗੇ ਅਤੇ ਜਿਵੇਂ-ਜਿਵੇਂ ਦਿਨ ਬੀਤ ਗਏ ਇਹ ਸਪੱਸ਼ਟ ਹੋਣ ਲੱਗਾ ਕਿ 2500 ਫੌਜਾਂ ਦੀ ਵਾਪਸੀ ਮੁਸ਼ਕਲ ਹੋਵੇਗੀ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਬਾਈਡੇਨ ਨੇ ਕਿਹਾ ਹੈ ਕਿ ਅਮਰੀਕੀ ਹਿੱਤਾਂ ਦੀ ਰਾਖੀ ਲਈ ਅਫ਼ਗਾਨਿਸਤਾਨ ਵਿਚ ਲੜਾਈ ਨੂੰ ਖ਼ਤਮ ਕਰਨਾ ਹੈ।

ਅਤਿਵਾਦੀਆਂ ਨੂੰ ਅਫ਼ਗਾਨਿਸਤਾਨ 'ਤੇ ਹੋਰ ਹਮਲੇ ਕਰਨ ਤੋਂ ਰੋਕਣ ਲਈ 9/11 ਦੇ ਹਮਲੇ ਤੋਂ ਬਾਅਦ ਅਮਰੀਕੀ ਸੈਨਿਕਾਂ ਨੂੰ ਅਫ਼ਗਾਨਿਸਤਾਨ ਵਿਚ ਤਾਇਨਾਤ ਕੀਤਾ ਗਿਆ ਸੀ। ਬਾਈਡੇਨ ਪ੍ਰਸ਼ਾਸਨ ਨੇ ਯਕੀਨੀ ਕੀਤਾ ਹੈ ਕਿ ਅਲ-ਕਾਇਦਾ ਇਸ ਵੇਲੇ ਬਾਹਰੀ ਸਾਜ਼ਿਸ਼ ਰਚਣ ਦੀ ਸਮਰੱਥਾ ਨਹੀਂ ਰੱਖਦਾ ਹੈ। ਬਾਈਡੇਨ ਪ੍ਰਸ਼ਾਸਨ ਨੂੰ ਪਿਛਲੇ ਸਾਲ ਤਾਲਿਬਾਨ ਨਾਲ ਟਰੰਪ ਪ੍ਰਸ਼ਾਸਨ ਦੁਆਰਾ ਇਕ ਸਮਝੌਤੇ ਵਿਚ 1 ਮਈ ਦੀ ਡੈੱਡਲਾਈਨ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਹਿੰਸਾ ਨੂੰ ਘਟਾਉਣ ਦੀ ਮੰਗ ਕੀਤੀ ਗਈ ਸੀ।

ਅਮਰੀਕਾ ਨਾਟੋ ਦੇ ਸਹਿਯੋਗੀ ਮੁਲਕਾਂ ਨਾਲ ਵਿਚਾਰ-ਵਟਾਂਦਰਾ ਕਰ ਰਿਹਾ ਹੈ ਅਤੇ ਟਾਈਮਫ੍ਰੇਮ ਦੇ ਅੰਦਰ ਨਾਟੋ ਫੋਰਸਾਂ ਦੀ ਵਾਪਸੀ ਦਾ ਵੀ ਤਾਲਮੇਲ ਕਰੇਗਾ ਇਸ ਸੰਬੰਧੀ ਸੁੱਰਖਿਆ ਸੱਕਤਰ ਲੋਇਡ ਆਸਟਿਨ ਅਤੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕੇਨ ਬੁੱਧਵਾਰ ਨੂੰ ਬ੍ਰਸੱਲਜ਼ ਦੀ ਯਾਤਰਾ ਕਰ ਰਹੇ ਹਨ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਕਰ ਚੁੱਕੇ ਸਨ।