Tiktok ਫਾਊਂਡਰ ਦੀ ਵਧੀ ਦੌਲਤ, ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ
ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਦੀ ਕੀਮਤ ਵੱਧ ਕੇ 250 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ
ਬੀਜਿੰਗ - ਵੀਡੀਓ ਸ਼ੇਅਰਿੰਗ ਐਪ ਟਿਕਟਾਕ ਦੇ ਸੰਸਥਾਪਕ ਝਾਂਗ ਯਿਮਿੰਗ ਦਾ ਨਾਮ ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਪਿਛਲੇ ਸਾਲ ਚੀਨ ਤੋਂ ਲੈ ਕੇ ਭਾਰਤ ਅਤੇ ਅਮਰੀਕਾ ਵਿਚ ਆਈਆਂ ਰੁਕਾਵਟਾਂ ਦੇ ਬਾਵਜੂਦ ਐਪ ਦੀ ਮਾਲਕੀਅਤ ਵਾਲੀ ਕੰਪਨੀ ਬਾਈਟਡਾਂਸ ਦੀ ਚੰਗੀ ਤਰੱਕੀ ਕਰ ਕੇ ਉਹ 60 ਅਰਬ ਡਾਲਰ ਦੇ ਮਾਲਕ ਬਣ ਗਏ ਹਨ।
ਬਲੂਮਬਰਗ ਬਿਲੇਨੀਅਰਸ ਇੰਡੈਕਸ ਦੀ ਸਾਲਾਨਾ ਰਿਪੋਰਟ ਮੁਤਾਬਕ ਝਾਂਗ ਯਿਮਿੰਗ ਕੋਲ ਮੌਜੂਦਾ ਸਮੇਂ ਵਿਚ 60 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਜਾਇਦਾਦ ਹੈ। ਬਲੂਮਬਰਗ ਮੁਤਾਬਕ ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਦੀ ਕੀਮਤ ਵੱਧ ਕੇ 250 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਅਤੇ ਝਾਂਗ ਯਿਮਿੰਗ ਦੀ ਉਸ ਵਿਚ 25 ਫੀਸਦੀ ਹਿੱਸੇਦਾਰੀ ਹੈ। ਇਸ ਤਰ੍ਹਾਂ ਨਾਲ ਸਿਰਫ ਬਾਈਟਡਾਂਸ ਰਾਹੀਂ ਹੀ ਉਹ ਸਭ ਤੋਂ ਅਮੀਰ ਆਦਮੀਆਂ ਦੀ ਲਿਸਟ ਵਿਚ ਆ ਗਏ ਹਨ।
ਦਰਅਸਲ, ਹੁਣ ਬਾਈਟਡਾਂਸ ਕੰਪਨੀ ਕਈ ਨਵੇਂ ਕੰਮ ਵੀ ਕਰ ਰਹੀ ਹੈ, ਜਿਸ ਵਿਚ ਈ-ਕਾਮਰਸ ਦੇ ਨਾਲ ਹੀ ਆਨਲਾਈਨ ਗੇਮਿੰਗ ਦਾ ਕੰਮ ਵੀ ਹੈ, ਅਜਿਹੇ ਵਿਚ ਕੰਪਨੀ ਦੀ ਆਮਦਨ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਉਨ੍ਹਾਂ ਦੀ ਦੌਲਤ 60 ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ ਹੈ।
ਅਜਿਹੇ ਵਿਚ ਉਹ ਚੀਨ ਦੇ ਬੋਤਲ ਕਿੰਗ ਕਹੇ ਜਾਣ ਵਾਲੇ ਝੋਂਗ ਸ਼ੈਨਸ਼ੈਨ ਅਤੇ ਅਮਰੀਕਾ ਦੇ ਕੋਚ ਫੈਮਿਲੀ ਦੇ ਬਰਾਬਰ ਦੀ ਹੈਸੀਅਤ ਵਾਲੇ ਵਿਅਕਤੀ ਹੋ ਗਏ ਹਨ। ਝਾਂਗ ਯਿਮਿੰਗ ਦੀ ਦੌਲਤ ਇਸ ਲਈ ਵੀ ਵਧੀ ਕਿਉਂਕਿ ਪ੍ਰਾਈਵੇਟ ਮਾਰਕੀਟ ਵਿਚ ਉਨ੍ਹਾਂ ਦੀ ਕੰਪਨੀ ਬਾਈਟਡਾਂਸ ਦੀ ਹੈਸੀਅਤ ਵਧ ਕੇ 250 ਬਿਲੀਅਨ ਡਾਲਰ ਹੋ ਗਈ ਹੈ ਅਤੇ ਉਹ ਇਕ ਚੌਥਾਈ ਸ਼ੇਅਰ ਦੇ ਮਾਲਕ ਹਨ।