ਸ. ਨਿਰਮਲਜੀਤ ਸਿੰਘ ਭੱਟੀ ਪ੍ਰਧਾਨ ਤੇ ਸ. ਨਰਿੰਦਰ ਸਿੰਘ ਸਹੋਤਾ ਸਕੱਤਰ ਬਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦੀ ਹੋਈ ਸਲਾਨਾ ਮੀਟਿੰਗ 'ਚ

File Photo

ਔਕਲੈਂਡ 14 ਜੂਨ (ਹਰਜਿੰਦਰ ਸਿੰਘ ਬਸਿਆਲਾ): ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਜੋ ਕਿ 1993 ਤੋਂ ਇਥੇ ਦੇ ਗ੍ਰੇਟ ਸਾਊਥ ਰੋਡ ਅਤੇ ਮੋਟਰਵੇਅ ਨੰਬਰ 1 ਦੇ ਵਿਚਕਾਰ ਸਵਾ 6 ਏਕੜਾਂ ਵਿਚ ਸਥਿਤ ਹੈ, ਵਿਖੇ ਅੱਜ  ਸ੍ਰੀ ਗੁਰੂ ਰਵਿਦਾਸ ਜੀ ਦਾ ਜੋਤੀ-ਜੋਤਿ ਦਿਵਸ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਰਸੀਲਾ ਦੇ ਜੱਥੇ ਨੇ ਬਹੁਤ ਹੀ ਰਸਭਿੰਨਾ ਕੀਰਤਨ ਸਰਵਣ ਕਰਵਾਇਆ।

ਅੱਜ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਪ੍ਰਬੰਧਕ ਕਮੇਟੀ ਦੀ ਸਲਾਨਾ ਮੀਟਿੰਗ ਵੀ ਰੱਖੀ ਗਈ ਸੀ ਜਿਸ ਦੇ ਵਿਚ ਪ੍ਰਬੰਧਕ ਅਤੇ ਹੋਰ ਕਮੇਟੀ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਸੇਵਾ ਮੁਕਤ ਹੋ ਰਹੇ ਪ੍ਰਧਾਨ ਸ. ਪਰਮਜੀਤ ਸਿੰਘ ਮਹਿਮੀ ਨੇ ਕੀਤੀ। ਉਨ੍ਹਾਂ ਆਏ ਸਾਰੇ ਮੈਂਬਰਜ਼ ਨੂੰ ਜੀ ਆਇਆਂ ਆਖਿਆ। ਦੋ ਮਿੰਟ ਲਈ ਵਿਛੜ ਚੁੱਕੀਆਂ ਰੂਹਾਂ ਨੂੰ ਮੋਨ ਵਰਤ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਅਪਣੀ ਪ੍ਰਧਾਨਗੀ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਪਿਛਲੇ ਇਕ ਸਾਲ ਦੀ ਸਾਰੀ ਰਿਪੋਰਟ ਪੇਸ਼ ਕੀਤੀ।  

ਸਾਰੇ ਮੈਂਬਰ ਰਿਪੋਰਟ ਤੋਂ ਸ਼ੰਤੁਸ਼ਟ ਹੋਏ  ਫਿਰ ਖਜ਼ਾਨਚੀ ਵਿਪਨ ਸੁਮਨ ਨੇ ਵੀ ਵਿੱਤੀ ਰਿਪੋਰਟ ਪੜ੍ਹੀ ਅਤੇ ਜੋ ਕਿ ਸਰਬ ਸੰਮਤੀ ਨਾਲ ਪਾਸ ਹੋਈ। ਆਮ ਵਿਚਾਰ-ਵਿਮਰਸ਼ ਕਰ ਕੇ ਪੁਰਾਣੀ ਕਮੇਟੀ ਨੂੰ ਖ਼ਾਰਜ ਕਰ ਦਿਤਾ ਗਿਆ ਅਤੇ ਨਵੀਂ ਕਮੇਟੀ ਦੀ ਕਾਰਵਾਈ ਸ਼ੁਰੂ ਹੋਈ। ਨਵੀਂ ਕਮੇਟੀ ਦੀ ਚੋਣ : ਸਰਬ ਸੰਮਤੀ ਦੇ ਨਾਲ ਸ. ਨਿਰਮਲਜੀਤ ਸਿੰਘ ਭੱਟੀ ਨੂੰ ਪ੍ਰਧਾਨ, ਸ੍ਰੀ ਪਿਆਰਾ ਰੱਤੂ ਨੂੰ ਉਪ ਪ੍ਰਧਾਨ, ਸ. ਨਰਿੰਦਰ ਸਿੰਘ ਸਹੋਤਾ ਨੂੰ ਜਨਰਲ ਸਕੱਤਰ, ਸ.ਕੁਲਵਿੰਦਰ ਸਿੰਘ ਝੱਮਟ ਖਜ਼ਾਨਚੀ ਅਤੇ ਸ. ਮਲਕੀਅਤ ਸਿੰਘ ਸਹੋਤਾ ਨੂੰ ਔਡੀਟਰ ਨੂੰ ਚੁਣਿਆ ਗਿਆ।

ਲੰਗਰ ਸੇਵਾ ਦੇ ਲਈ ਲੇਡੀਜ਼ ਕਮੇਟੀ ਵੀ ਗਠਿਤ ਕੀਤੀ ਗਈ। ਸ. ਨਿਰਮਲਜੀਤ ਸਿੰਘ ਭੱਟੀ ਅਤੇ ਸ. ਰਵਿੰਦਰ ਸਿੰਘ ਝੱਮਟ ਨੇ ਪੁਰਾਣੀ ਕਮੇਟੀ ਨੂੰ ਪਿਛਲੇ 2 ਸਾਲ ਤਕ ਵਧੀਆ ਸੇਵਾਵਾਂ ਨਿਭਾਉਣ ਲਈ ਸ਼ਾਬਾਸ਼ ਦਿਤੀ ਅਤੇ ਧਨਵਾਦ ਕੀਤਾ। ਪੁਰਾਣੀ ਕਮੇਟੀ ਮੈਂਬਰਾਂ ਨੇ ਨਵੀਂ ਕਮੇਟੀ ਨੂੰ ਪੂਰਨ ਸਾਥ ਦੇਣ ਦਾ ਵਾਅਦ ਕੀਤਾ ਹੈ ਤਾਂ ਕਿ ਗੁਰਦੁਆਰਾ ਸਾਹਿਬ ਦੀਆਂ ਮੌਜੂਦਾ ਅਤੇ ਆਉਣ ਵਾਲੀਆਂ ਸੇਵਾਵਾਂ ਇਸੀ ਤਰ੍ਹਾਂ ਜਾਰੀ ਰਹਿ ਸਕਣ।