ਭਾਰਤ 'ਚ ਕੁਪੋਸ਼ਣ-ਗ੍ਰਸਤ ਲੋਕਾਂ ਦੀ ਗਿਣਤੀ ਛੇ ਕਰੋੜ ਤਕ ਘਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੱਚਿਆਂ ਅੰਦਰ ਬੌਣੇਪਣ ਦੀ ਸਮੱਸਿਆ ਨੂੰ ਕਾਫ਼ੀ ਠੱਲ੍ਹ ਪਰ ਬਾਲਗ਼ਾਂ ਅੰਦਰ ਮੋਟਾਪਾ ਵੱਧ ਰਿਹੈ

Photo

ਸੰਯੁਕਤ ਰਾਸ਼ਟਰ, 14 ਜੁਲਾਈ : ਭਾਰਤ ਵਿਚ ਪਿਛਲੇ ਇਕ ਦਹਾਕੇ ਵਿਚ ਕੁਪੋਸ਼ਣ-ਗ੍ਰਸਤ ਲੋਕਾਂ ਦੀ ਗਿਣਤੀ ਛੇ ਕਰੋੜ ਤਕ ਘਟ ਗਈ ਹੈ। ਸੰਯੁਕਤ ਰਾਸ਼ਟਰ ਦੀ ਤਾਜ਼ਾ ਰੀਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। 2004 ਤੋਂ 2006 ਤਕ ਇਹ ਦਰ 21.7 ਫ਼ੀ ਸਦੀ ਸੀ ਜੋ 2017-19 ਵਿਚ ਘੱਟ ਕੇ 14 ਫ਼ੀ ਸਦੀ ਹੋ ਗਈ।

  'ਦੁਨੀਆਂ ਵਿਚ ਖਾਧ ਸੁਰੱਖਿਆ ਅਤੇ ਪੋਸ਼ਣ ਸਥਿਤੀ ਰੀਪੋਰਟ' ਵਿਚ ਦਸਿਆ ਗਿਆ ਹੈ ਕਿ ਬੱਚਿਆਂ ਅੰਦਰ ਬੌਣੇਪਣ ਦੀ ਸਮੱਸਿਆ ਕਾਫ਼ੀ ਹੱਦ ਤਕ ਖ਼ਤਮ ਹੋ ਗਈ ਹੈ ਪਰ ਦੇਸ਼ ਦੇ ਬਾਲਗ਼ਾਂ ਅੰਦਰ ਮੋਟਾਪਾ ਵੱਧ ਰਿਹਾ ਹੈ। ਭੁੱਖ ਅਤੇ ਕੁਪੋਸ਼ਣ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਹੋਣ ਵਾਲੀ ਪ੍ਰਗਤੀ 'ਤੇ ਨਜ਼ਰ ਰੱਖਣ ਵਾਲੀ ਰੀਪੋਰਟ ਵਿਚ ਕਿਹਾ ਗਿਆ ਕਿ ਭਾਰਤ ਵਿਚ ਕੁਪੋਸ਼ਤ ਲੋਕਾਂ ਦੀ ਗਿਣਤੀ 2004-06 ਦੇ 24.94 ਕਰੋੜ ਤੋਂ ਘੱਟ ਕੇ 2017-19 ਵਿਚ 18.92 ਕਰੋੜ ਰਹਿ ਗਈ। ਫ਼ੀ ਸਦੀ ਦੇ ਹਿਸਾਬ ਨਾਲ ਭਾਰਤ ਦੀ ਕੁਲ ਆਬਾਦੀ ਵਿਚ ਕੁਪੋਸ਼ਣ ਦੀ ਵਿਆਪਕਤਾ 2004-06 ਵਿਚ 21.7 ਫ਼ੀ ਸਦੀ ਤੋਂ ਘੱਟ ਕੇ 2017-19 ਵਿਚ 14 ਫ਼ੀ ਸਦੀ ਰਹਿ ਗਈ। ਚੀਨ ਵਿਚ ਵੀ ਕਾਫ਼ੀ ਕਮੀ ਵੇਖੀ ਗਈ ਹੈ।

ਰੀਪੋਰਟ ਮੁਤਾਬਕ ਦੋਹਾਂ ਦੇਸ਼ਾਂ ਵਿਚ ਭੁੱਖ ਵਿਚ ਆਈ ਕਮੀ ਲੰਮੇ ਸਮੇਂ ਦੇ ਆਰਥਕ ਵਿਕਾਸ, ਘਟਦੀ ਨਾਬਰਾਬਰੀ ਅਤੇ ਬੁਨਿਆਦੀ ਸਮਾਨ ਤੇ ਸੇਵਾਵਾਂ ਤਕ ਬਿਹਤਰ ਹੋਈ ਪਹੁੰਚ ਦਾ ਨਤੀਜਾ ਹੈ। ਇਹ ਰੀਪੋਰਟ ਕਈ ਸੰਸਥਾਵਾਂ ਨੇ ਤਿਆਰ ਕੀਤੀ ਹੈ। ਰੀਪੋਰਟ ਮੁਤਾਬਕ ਭਾਰਤ ਵਿਚ ਪੰਜ ਸਾਲ ਤੋਂ ਘੱਟ Àਮੁਰ ਦੇ ਬੱਚਿਆਂ ਅੰਦਰ ਬੌਣੇਪਣ ਦੀ ਸਮੱਸਿਆ ਵੀ 2012 ਵਿਚ 47.8 ਫ਼ੀ ਸਦੀ ਤੋਂ ਘੱਟ ਕੇ 2019 ਵਿਚ 34.7 ਫ਼ੀ ਸਦੀ ਰਹਿ ਗਈ ਯਾਨੀ 2012 ਵਿਚ ਇਹ ਸਮੱਸਿਆ 6.2 ਕਰੋੜ ਬੱਚਿਆਂ ਨੂੰ ਸੀ ਜੋ 2019 ਵਿਚ ਘੱਟ ਕੇ 4.03 ਕਰੋੜ ਰਹਿ ਗਈ। ਬਹੁਤੇ ਭਾਰਤੀ ਬਾਲਗ਼ 2012 ਤੋਂ 2016 ਵਿਚਾਲੇ ਮੋਟਾਪੇ ਦਾ ਸ਼ਿਕਾਰ ਹੋਏ।

ਮੋਟਾਪੇ ਤੋਂ ਗ੍ਰਸਤ ਹੋਣ ਵਾਲੇ ਬਾਲਗ਼ਾਂ ਦੀ ਗਿਣਤੀ 2012 ਦੇ 2.52 ਕਰੋੜ ਤੋਂ ਵੱਧ ਕੇ 2016 ਵਿਚ 3.43 ਕਰੋੜ ਹੋ ਗਈ ਯਾਨੀ 3.1 ਫ਼ੀ ਸਦੀ ਤੋਂ ਵੱਧ ਕੇ 3.9 ਫ਼ੀ ਸਦੀ ਹੋ ਗਈ। ਰੀਪੋਰਟ ਮੁਤਾਬਕ ਕੋਰੋਨਾ ਵਾਇਰਸ ਕਾਰਨ ਦੁਨੀਆਂ ਭਰ ਵਿਚ 2020 ਦੇ ਅੰਤ ਤਕ 13 ਕਰੋੜ ਲੋਕ ਭੁੱਖ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਗੇ। (ਏਜੰਸੀ)