ਅਮਰੀਕਾ : 2020 ਦੀਆਂ ਚੋਣਾਂ ’ਚ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਟਰੰਪ ਵਿਰੁਧ ਮੁਕੱਦਮਾ ਦਰਜ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਜੌਰਜੀਆ ਦੀ ਅਦਾਲਤ ’ਚ ਲੱਗੇ ਦੋਸ਼ਾਂ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦਸਿਆ

donald trump

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ 2020 ’ਚ ਹੋਈਆਂ ਚੋਣਾਂ ’ਚ ਜੌਰਜੀਆ ’ਚ ਅਪਣੀ ਹਾਰ ਨੂੰ ਨਾਜਾਇਜ਼ ਤਰੀਕੇ ਨਾਲ ਪਲਟਣ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਸੂਬੇ ਅੰਦਰ ਮੁਕੱਦਮਾ ਦਰਜ ਕੀਤਾ ਗਿਆ ਹੈ। 
ਇਹ 2024 ’ਚ ਵਾਇਟ ਹਾਊਸ ਦੀ ਦੌੜ ’ਚ ਸ਼ਾਮਲ ਸਾਬਕਾ ਰਾਸ਼ਟਰਪਤੀ ਵਿਰੁਧ ਚੌਥਾ ਅਪਰਾਧਕ ਮਾਮਲਾ ਹੈ ਅਤੇ ਦੂਜੀ ਵਾਰੀ ਹੈ ਜਦੋਂ ਉਨ੍ਹਾਂ ’ਤੇ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਟਰੰਪ ਅਤੇ 18 ਹੋਰ ਵਿਅਕਤੀਆਂ ’ਤੇ ਸੋਮਵਾਰ ਨੂੰ ਫੁਲਟਨ ਕਾਊਂਟੀ ਦੀ ਗਰੈਂਡ ਜਿਊਰੀ ਵਲੋਂ ਜਾਰੀ 41 ਦੋਸ਼ਾਂ ਦੇ ਦਸਤਾਵੇਜ਼ ਨੂੰ ਧਮਕੀ ਦੇ ਕੇ ਮੰਗਣ ਸਮੇਤ ਹੋਰ ਦੋਸ਼ਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮੇ ’ਚ ਕਿਹਾ ਗਿਆ ਹੈ ਕਿ ਕਥਿਤ ਸਹਿ-ਸਾਜ਼ਸ਼ਕਰਤਾ ‘‘ਜਾਣਬੁੱਝ ਕੇ ਚੋਣ ਨਤੀਜਿਆਂ ਨੂੰ ਟਰੰਪ ਦੇ ਹੱਕ ’ਚ ਗ਼ੈਰਕਾਨੂੰਨੀ ਤਰੀਕੇ ਨਾਲ ਪਲਟਣ ਦੀ ਸਾਜ਼ਸ਼ ’ਚ ਸ਼ਾਮਲ ਰਹੇ। 
ਫੁਲਟਨ ਕਾਊਂਟੀ ਦੀ ਡਿਸਟ੍ਰਿਕਟ ਅਟਾਰਨੀ ਫਾਨੀ ਵਿਲਿਸ ਨੇ ਸੋਮਵਾਰ ਨੂੰ ਇਕ ਪੱਤਰਕਾਰ ਸੰਮੇਲਨ ’ਚ ਐਲਾਨ ਕੀਤਾ ਕਿ ਇਸ ਮਾਮਲੇ ’ਚ ਸੂਚੀਬੱਧ 19 ਪ੍ਰਤਿਵਾਦੀਆਂ ਕੋਲ 25 ਅਗੱਸਤ ਦੀ ਦੁਪਹਿਰ ਤਕ ‘ਅਪਣੀ ਇੱਛਾ ਨਾਲ ਆਤਮਸਮਰਪਣ’ ਕਰਨ ਦਾ ਸਮਾਂ ਹੈ। 

ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਟਰੰਪ ਦੇ ਮੁਕੱਦਮੇ ’ਚ ਸੁਣਵਾਈ ਅਗਲੇ ਛੇ ਮਹੀਨੇ ’ਚ ਸ਼ੁਰੂ ਹੋ ਸਕਦੀ ਹੈ। ਇਸ ਮੁਕੱਦਮੇ ’ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਸੋਮਵਾਰ ਦੇਰ ਰਾਤ ਇਕ ਇੰਟਰਵਿਊ ’ਚ ਕਿਹਾ ਕਿ ਜੌਰਜੀਆ ’ਚ ਉਨ੍ਹਾਂ ਵਿਰੁਧ ਲਾਏ ਦੋਸ਼ ‘ਸਿਆਸਤ ਤੋਂ ਪ੍ਰੇਰਿਤ’ ਹਨ। 
ਉਨ੍ਹਾਂ ਕਿਹਾ, ‘‘ਇਸ ਸਿਆਸਤ ਤੋਂ ਪ੍ਰੇਰਿਤ ਦੋਸ਼ ਆਰੋਪਣ ਨੂੰ ਮੇਰੀ ਸਿਆਸੀ ਮੁਹਿੰਮ ਦੌਰਾਨ ਦਾਇਰ ਕੀਤਾ ਗਿਆ ਹੈ, ਜਦਕਿ ਇਹ ਤਿੰਨ ਸਾਲ ਪਹਿਲਾਂ ਲਾਇਆ ਜਾ ਸਕਦਾ ਸੀ।’’

ਫ਼ੁਲਟਨ ਕਾਊਂਟੀ ਦੀ ਗਰੈਂਡ ਜਿਊਰੀ ਨੇ ਦੋ ਸਾਲਾਂ ਤਕ ਚੱਲੀ ਜਾਂਚ ਤੋਂ ਬਾਅਦ ਟਰੰਪ ’ਤੇ ਦੋਸ਼ ਲਾਏ ਹਨ। ਇਹ ਜਾਂਚ 2 ਜਨਵਰੀ, 2021 ਨੂੰ ਉਸ ਫ਼ੋਨ ਕਾਲ ਤੋਂ ਬਾਅਦ ਸ਼ੁਰੂ ਹੋਈ ਜਿਸ ’ਚ ਤਤਕਾਲੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਜੌਰਜੀਆ ’ਚ ਰਿਪਬਲਿਕਨ ਪਾਰਟੀ ਦੇ ‘ਸੈਕਰੇਟਰੀ ਆਫ਼ ਸਟੇਟ’ (ਚੋਣ ਅਧਿਕਾਰੀ) ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡਨ ਤੋਂ ਬਹਤ ਘੱਟ ਫ਼ਰਕ ਤੋਂ ਹਾਰ ਨੂੰ ਪਲਟਣ ਲਈ ਜ਼ਰੂਰੀ 11870 ਵੋਟਾਂ ਦਿਵਾਉਣ ’ਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। 
ਰਿਪਬਲਿਕਨ ਪਾਰਟੀ ਦੇ ਆਗੂ ਟਰੰਪ ਨੇ ਡੈਮੋਕ੍ਰੇਟਿਕ ਡਿਸਟ੍ਰਿਕਟ ਅਟਾਰਨੀ ਦੇ ਮੁਕੱਦਮੇ ਨੂੰ ਸਿਆਸਤ ਤੋਂ ਪ੍ਰੇਰਿਤ ਦਸਿਆ ਹੈ। 

ਟਰੰਪ ਵਿਰੁਧ ਹੋਰ ਮਾਮਲਿਆਂ ’ਚ ਚਲ ਰਹੀ ਜਾਂਚ ਇਸ ਤਰ੍ਹਾਂ ਹੈ: 
ਗੁਪਤ ਦਸਤਾਵੇਜ਼ ਮਾਮਲਾ: ਟਰੰਪ ’ਤੇ ਉਨ੍ਹਾਂ ਦੇ ਫਲੋਰੀਡਾ ਸਥਿਤ ਰਿਹਾਇਸ਼ ’ਤੇ ਉੱਚ ਪੱਧਰੀ ਦਸਤਾਵੇਜ਼ ਰੱਖਣ ਲਈ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸੇ ਕੇਸ ’ਚ, ਉਸ ਉੱਤੇ ਜੁਲਾਈ ’ਚ ਮਾਰ-ਏ-ਲਾਗੋ ਅਸਟੇਟ ਨਿਵਾਸ ’ਚ ਸੀਸੀਟੀਵੀ ਫੁਟੇਜ ਨੂੰ ਮਿਟਾਉਣ ਦਾ ਦੋਸ਼ ਹੈ। ਉਸ ’ਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਅਤੇ ਨਿਆਂ ਵਿਭਾਗ ਦੇ ਜਾਂਚਕਰਤਾਵਾਂ ਵਲੋਂ ਗੁਪਤ ਦਸਤਾਵੇਜ਼ ਇਕੱਠੇ ਕਰਨ ਲਈ ਆਉਣ ਤੋਂ ਬਾਅਦ ਜੂਨ 2022 ’ਚ ਫੁਟੇਜ ਨੂੰ ਮਿਟਾਉਣ ਦਾ ਦੋਸ਼ ਹੈ।
ਗੁਪਤ ਦਸਤਾਵੇਜ਼ਾਂ ਦੇ ਮਾਮਲੇ ’ਚ ਟਰੰਪ 'ਤੇ 40 ਦੋਸ਼ ਹਨ। ਸਭ ਤੋਂ ਗੰਭੀਰ ਦੋਸ਼ ਦੋਸ਼ੀ ਸਾਬਤ ਹੋਣ 'ਤੇ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੈ।

ਚੋਣ ਛੇੜਛਾੜ: ਸਾਬਕਾ ਰਾਸ਼ਟਰਪਤੀ 'ਤੇ ਯੂ.ਐਸ. ਕੈਪੀਟਲ ਵਿਖੇ ਆਪਣੇ ਸਮਰਥਕਾਂ ਦੁਆਰਾ ਹਿੰਸਾ ਦੇ ਵਿਚਕਾਰ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਲਈ ਕੰਮ ਕਰਨ ਦਾ ਦੋਸ਼ ਹੈ। ਕੇਸ ’ਚ ਅਮਰੀਕੀ ਸਰਕਾਰ ਨੂੰ ਧੋਖਾ ਦੇਣ ਅਤੇ ਸਰਕਾਰੀ ਕਾਰੋਬਾਰ ’ਚ ਰੁਕਾਵਟ ਪਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਸ਼ਾਮਲ ਹਨ।

ਗੁਪਤ ਭੁਗਤਾਨ ਕੇਸ: ਟਰੰਪ ਯੂ.ਐਸ. ਦੇ ਇਤਿਹਾਸ ’ਚ ਪਹਿਲੇ ਸਾਬਕਾ ਰਾਸ਼ਟਰਪਤੀ ਬਣੇ ਜਿਨ੍ਹਾਂ ਨੂੰ ਵਿਆਹ ਤੋਂ ਬਾਹਰਲੇ ਸੈਕਸ ਦੇ ਦੋਸ਼ਾਂ ਨੂੰ ਲੁਕਾਉਣ ਲਈ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਗੁਪਤ ਰੂਪ ’ਚ ਭੁਗਤਾਨ ਕਰਨ ਲਈ ਦੋਸ਼ੀ ਠਹਿਰਾਇਆ ਗਿਆ। ਉਸ ਨੇ ਦੋਸ਼ ਸਵੀਕਾਰ ਨਹੀਂ ਕੀਤਾ ਹੈ।
ਟਰੰਪ ਦੇ  4 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਸੰਭਾਵਨਾ ਹੈ ਜਿਸ ਤੋਂ ਦੋ ਮਹੀਨੇ ਬਾਅਦ ਰਿਪਬਲਿਕਨ ਨੇਤਾ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨਗੇ। 

ਨਿਊਯਾਰਕ ਸਿਵਲ ਕੇਸ: ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਸੀਆ ਜੇਮਸ ਨੇ ਟਰੰਪ ਅਤੇ ਟਰੰਪ ਆਰਗੇਨਾਈਜ਼ੇਸ਼ਨ ’ਤੇ ਮੁਕੱਦਮਾ ਕੀਤਾ ਕਿ ਉਨ੍ਹਾਂ ਨੇ ਜਾਇਦਾਦਾਂ ਦੇ ਮੁੱਲ ਬਾਰੇ ਬੈਂਕਾਂ ਅਤੇ ਟੈਕਸ ਅਧਿਕਾਰੀਆਂ ਨੂੰ ਗੁਮਰਾਹ ਕੀਤਾ। ਇਸ ਮਾਮਲੇ ’ਚ ਸਿਵਲ ਮੁਕੱਦਮੇ ਦੀ ਸੁਣਵਾਈ ਅਕਤੂਬਰ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।