New Zealand News: ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਜਰਨੈਲ ਸਿੰਘ ਨੂੰ ‘ਹੈਲਥ ਐਂਡ ਵੈਲਵੇਅਰ’ ਕਾਰਜਾਂ ਲਈ ‘ਸਿਵਿਕ ਆਨਰ’ ਐਵਾਰਡ

ਏਜੰਸੀ

ਖ਼ਬਰਾਂ, ਕੌਮਾਂਤਰੀ

New Zealand News: ਮਾਣਯੋਗ ਮੇਅਰ ਸਾਂਡਲਾ ਹੇਜ਼ਲਹਰਸਟ ਨੇ ਇਹ ਅਵਾਰਡ ਇਕ ਸਮਾਗਮ ਵਿਚ ਭੇਟ ਕੀਤਾ

Hastings District Council awarded 'Civic Honor' Award to Jarnail Singh for 'Health and Welfare' work

 

New Zealand News: ਹੇਸਟਿੰਗਜ਼ ਜ਼ਿਲ੍ਹਾ ਕੌਂਸਿਲ ਵੱਲੋਂ ਸਲਾਨਾ ਸਿਵਿਕ ਆਨਰ ਐਵਾਰਡ (ਚੰਗੇ ਸ਼ਹਿਰੀ ਜਾਂ ਬਿਹਤਰੀਨ ਨਾਗਰਿਕ ਐਵਾਰਡ) ਦਾ ਆਯੋਜਨ ਕੀਤਾ ਗਿਆ। ਇਹ ਐਵਾਰਡ ਕੌਂਸਿਲ ਵੱਲੋਂ ਸਥਾਨਕ ਖੇਤਰ ਵਿਚ ਕੀਤੇ ਜਾਂਦੇ ਸਮਾਜਿਕ ਕਾਰਜਾਂ ਦੇ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਮਾਣਮੱਤੇ ਸ਼ਹਿਰੀਆਂ ਨੂੰ ਦਿੱਤੇ ਜਾਂਦੇ ਹਨ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ‘ਹੈਲਥ ਐਂਡ ਵੈਲਫੇਅਰ’ ਸ਼੍ਰੇਣੀ ਅਧੀਨ ‘ਸਿਵਿਕ ਆਨਰ’ ਦਾ ਅਵਾਰਡ  ਜਰਨੈਲ ਸਿੰਘ ਜੇ.ਪੀ. ਹੋਰਾਂ ਨੂੰ ਦਿੱਤਾ ਗਿਆ। ਮਾਣਯੋਗ ਮੇਅਰ ਸਾਂਡਲਾ ਹੇਜ਼ਲਹਰਸਟ ਨੇ ਇਹ ਅਵਾਰਡ ਇਕ ਸਮਾਗਮ ਵਿਚ ਭੇਟ ਕੀਤਾ।

ਜਰਨੈਲ ਸਿੰਘ ਜੇ.ਪੀ. ਇਲਾਕੇ ਦੇ ਪਹਿਲੇ ਪੰਜਾਬੀ ਭਾਸ਼ਾ ’ਚ ਬੋਲਣ ਵਾਲੇ ਜੇ.ਪੀ. ਬਣੇ ਸਨ, ਜਿਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਦੇ ਨਾਲ ਕਮਿਊਨਿਟੀ ਨੂੰ ਬਹੁਤ ਸਾਰਾ ਫਾਇਦਾ ਹੋਇਆ। ਕਰੋਨਾ ਕਾਲ ਦੇ ਵਿਚ ਉਨ੍ਹਾਂ ਜਰੂਰੀ ਵਸਤਾਂ ਜਿਵੇਂ ਦੁੱਧ, ਪਾਣੀ, ਬੈ੍ਰਡ ਸਮੇਤ ਬਹੁਤ ਸਾਰੇ ਫੂਡ ਪਾਰਸਲ ਕਮਿਊਨਿਟੀ ਤੱਕ ਪਹੁੰਚਾਉਣ ਅਤੇ ਪ੍ਰਬੰਧ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਵੈਕਸੀਨੇਸ਼ਨ ਦੇ ਟੀਕਿਆਂ ਵਾਸਤੇ ਬੂਥ ਲਗਾਏ ਗਏ। ਗੈਬਰੀਅਲ ਸਾਈਕਲੋਨ (ਤੂਫਾਨ) ਦੌਰਾਨ ਪੀੜ੍ਹਤ ਲੋਕਾਂ ਨੂੰ ਮਦਦ ਲਈ ਉਹ ਫਿਰ ਅੱਗੇ ਆਏ, ਭੋਜਨ ਤਿਆਰ ਕਰਕੇ ਵੰਡਿਆ ਗਿਆ। 

ਹੇਸਟਿੰਗਜ਼ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਪ੍ਰਧਾਨ ਅਤੇ ਹੁਣ ਮੀਤ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਸਮਾਜਿਕ ਕਾਰਜਾਂ ਦੇ ਵਿਚ ਹਮੇਸ਼ਾਂ ਕਮਿਊਨਿਟੀ ਦਾ ਸਾਥ ਲੈ ਕੇ ਵੱਡਾ ਯੋਗਦਾਨ ਪਾਇਆ। ਜਰਨੈਲ ਸਿੰਘ ਨੇ ਕਿਹਾ ਕਿ ਇਹ ਐਵਾਰਡ ਉਨ੍ਹਾਂ ਦਾ ਨਹੀਂ ਸਗੋਂ ਪੂਰੀ ਕਮਿਊਨਿਟੀ ਦਾ ਐਵਾਰਡ ਹੈ।
ਵਰਨਣਯੋਗ ਹੈ ਕਿ ਜਰਨੈਲ ਸਿੰਘ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਤੋਂ 1988 ’ਚ ਇੱਥੇ ਕਰਮਭੂਮੀ ਦੀ ਖੋਜ਼ ਵਿਚ ਆਏ ਸਨ ਅਤੇ ਉਦੋਂ ਦੇ ਇਥੇ ਹੀ ਰਹਿ ਰਹੇ ਹਨ। ਉਹ 2011 ਵਿੱਚ ਪਹਿਲੇ ਸਥਾਨਿਕ ਪੰਜਾਬੀ ਜਸਟਿਸ ਆਫ ਦਾ ਪੀਸ ਬਣੇ ਸਨ। ਉਨ੍ਹਾਂ ਨੂੰ ਇਹ ਸਨਮਾਨ ਮਿਲਣ ਉਤੇ ਬਹੁਤ ਬਹੁਤ ਵਧਾਈ।