ਅਮਰੀਕਾ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ : ਚੀਨੀ ਫ਼ੌਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੇ ਰਖਿਆ ਮੰਤਰਾਲੇ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਅਤੇ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ ਦਸਿਆ......

Colonel Wu Qian

ਬੀਜਿੰਗ : ਚੀਨ ਦੇ ਰਖਿਆ ਮੰਤਰਾਲੇ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਅਤੇ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ ਦਸਿਆ ਹੈ। ਚੀਨ ਦੀ ਇਹ ਟਿੱਪਣੀ ਉਸ ਦੀ ਫ਼ੌਜੀ ਲਾਲਸਾ ਨੂੰ ਲੈ ਕੇ ਆਈ ਅਮਰੀਕੀ ਰਿਪੋਰਟ ਦੇ ਜਵਾਬ ਵਿਚ ਆਈ ਹੈ।

ਚੀਨੀ ਫ਼ੌਜ ਘਟਨਾਕ੍ਰਮ ਅਤੇ ਟੀਚਿਆਂ 'ਤੇ ਅਮਰੀਕੀ ਰਖਿਆ ਮੰਤਰਾਲੇ ਵਲੋਂ ਅਮਰੀਕੀ ਕਾਂਗਰਸ ਨੂੰ ਸਾਲਾਨਾ ਤੌਰ 'ਤੇ ਦਿਤੀ ਜਾਣ ਵਾਲੀ ਰਿਪੋਰਟ ਦੋ ਸਤੰਬਰ ਨੂੰ ਜਾਰੀ ਕੀਤੀ ਗਈ ਸੀ।

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਫ਼ੌਜ ਦੇ ਟੀਚਿਆਂ ਨਾਲ ਅਮਰੀਕਾ ਦੇ ਰਾਸ਼ਟਰੀ ਹਿਤਾਂ ਅਤੇ ਅੰਤਰਰਾਸ਼ਟਰੀ ਨਿਯਮਾਂ 'ਤੇ ਆਧਾਰਤ ਵਿਵਸਥਾ ਦੀ ਸੁਰੱਖਿਆ ਲਈ ਗੰਭੀਰ ਪ੍ਰਭਾਵ ਹੋਣਗੇ।

 ਰਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਯਾਨ ਨੇ  ਕਿਹਾ ਕਿ ਇਹ ਰਿਪੋਰਟ ਚੀਨ ਦੇ ਟੀਚਿਆਂ, ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਚੀਨ ਦੇ 1.4 ਅਰਬ ਲੋਕਾਂ ਵਿਚਾਲੇ ਸਬੰਧਾਂ ਨੂੰ ਤੋੜਦੀ-ਮਰੋੜਦੀ ਹੈ।

ਉਨ੍ਹਾਂ ਕਿਹਾ,''ਬੀਤੇ ਕਈ ਸਾਲਾਂ ਵਿਚ ਅਜਿਹੇ ਸਬੂਤ ਆਏ ਹਨ ਜੋ ਦਿਖਾਉਂਦੇ ਹਨ ਕਿ ਖੇਤਰੀ ਸ਼ਾਂਤੀ ਭੜਕਾਉਣ ਵਾਲਾ, ਅੰਤਰਰਾਸ਼ਟਰੀ ਵਿਵਸਥਾ ਨੂੰ ਤੋੜਨ ਵਾਲਾ ਅਤੇ ਵਿਸ਼ਵ ਸ਼ਾਂਤੀ ਨੂੰ ਬਰਬਾਦ ਕਰਨ ਵਾਲਾ ਅਮਰੀਕਾ ਹੈ।'' ਬੁਲਾਰੇ ਨੇ ਕਿਹਾ ਕਿ ਬੀਤੇ ਦੋ ਦਹਾਕਿਆਂ ਵਿਚ ਇਰਾਕ, ਸੀਰੀਆ, ਲੀਬੀਆ ਅਤੇ ਹੋਰ ਦੇਸ਼ਾਂ ਵਿਚ ਅਮਰੀਕਾ ਦੀ ਕਾਰਵਾਈ ਕਾਰਨ ਅੱਠ ਲੱਖ ਲੋਕਾਂ ਦੀ ਮੌਤ ਹੋਈ ਹੈ ਅਤੇ ਲੱਖਾਂ ਲੋਕ ਉਜੜ ਗਏ ਹਨ।

 ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,''ਅਪਣੇ ਆਪ ਨੂੰ ਦੇਖਣ ਦੀ ਬਜਾਏ, ਅਮਰੀਕਾ ਨੇ ਇਕ ਰਿਪੋਰਟ ਜਾਰੀ ਕੀਤੀ ਜੋ ਚੀਨ ਦੇ ਆਮ ਰਖਿਆ ਅਤੇ ਫ਼ੌਜੀ ਢਾਂਚੇ 'ਤੇ ਝੂਠੀ ਟਿੱਪਣੀ ਕਰਦੀ ਹੈ।''

ਕਯਾਨ ਨੇ ਬਿਆਨ ਵਿਚ ਕਿਹਾ,''ਅਸੀਂ ਅਮਰੀਕਾ ਨੂੰ ਅਪੀਲ ਕਰਦੇ ਹਾਂ ਕਿ ਉਹ ਚੀਨ ਦੇ ਰਖਿਆ ਅਤੇ ਫ਼ੌਜੀ ਢਾਂਚੇ ਨੂੰ ਨਿਰਪੱਖਤਾ ਅਤੇ ਤਰਕਸੰਗਤ ਢੰਗ ਨਾਲ ਦੇਖੇ ਅਤੇ ਝੂਠੀ ਰਿਪੋਰਟ ਜਾਰੀ ਕਰਨ ਤੋਂ ਬਚੇ ਤੇ ਦੁਵੱਲੇ ਫ਼ੌਜੀ ਸਬੰਧਾਂ ਦੇ ਵਿਕਾਸ ਦੀ ਸੁਰੱਖਿਆ ਲਈ ਠੋਸ ਕਦਮ ਚੁਕੇ।'