ਨਹੀਂ ਸੁਧਰਿਆ ਚੀਨ ਤਾਂ ਜਿਨਪਿੰਗ ਨਾਲ ਰਿਸ਼ਤੇ ਖਰਾਬ ਹੋ ਜਾਣਗੇ : ਡੋਨਾਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਚੀਨ ਦੇ ਨਾਲ ਸੰਤੁਲਿਤ ਵਪਾਰ ਸਮਝੋਤੇ ਤੇ ਚਰਚਾ ਕਰਨਾ ਚਾਹੁੰਦੇ ਹਨ
ਨਵੀਂ ਦਿੱਲੀ, ( ਭਾਸ਼ਾ ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਚੀਨ ਦੇ ਨਾਲ ਸੰਤੁਲਿਤ ਵਪਾਰ ਸਮਝੋਤੇ ਤੇ ਚਰਚਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਅਮਰੀਕਾ ਦੀ ਤਰਾਂ ਚੀਨ ਵੀ ਸਾਰਿਆਂ ਲਈ ਅਪਣਾ ਬਜ਼ਾਰ ਖੋਲ ਦੇਵੇ। ਚੀਨ ਤੋਂ ਆਯਾਤ ਕੀਤੀਆਂ 250 ਅਰਬ ਡਾਲਰ ਕੀਮਤ ਦੀਆਂ ਚੀਜ਼ਾਂ ਤੇ ਵਾਧੂ ਚਾਰਜ ਲਗਾ ਚੁਕੇ ਟੰਰਪ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਕਿ ਉਹ ਚੀਨ ਤੋਂ ਆਯਾਤ ਹੋਣ ਵਾਲੇ ਮਾਲ ਤੇ ਹੋਰ ਚਾਰਜ ਲਗਾ ਸਕਦੇ ਹਨ।
ਟਰੰਪ ਨੇ ਚੀਨ ਅਤੇ ਅਮਰੀਕਾ ਵੱਲੋ ਲਗਾਤਾਰ ਆਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਤੇ ਚਾਰਜ ਵਧਾਏ ਜਾਣ ਸਬੰਧੀ ਕਿਹਾ ਕਿ ਇਹ ਕੋਈ ਸੰਘਰਸ਼ ਜਾਂ ਯੁਧ ਨਹੀਂ ਹੈ, ਜਿਵੇਂ ਕਿ ਮਾਹਿਰਾਂ ਦਾ ਮੰਨਣਾ ਹੈ। ਚੀਨ ਵਿਰੁਧ ਜਿੱਤ ਅਮਰੀਕਾ ਦੀ ਹੋਵੇਗੀ। ਟਰੰਪ ਨੇ ਕਿਹਾ ਕਿ ਜੇਕਰ ਇਸ ਵਿਚ ਸੁਧਾਰ ਨਹੀਂ ਹੁੰਦਾ ਹੈ, ਤਾਂ ਸੰਭਾਵਿਤ ਤੌਰ ਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਉਨਾਂ ਦੇ ਸਬੰਧ ਵਧੀਆ ਨਹੀਂ ਰਹਿ ਜਾਣਗੇ। ਹਾਲਾਂਕਿ ਚੀਨ ਦੇ ਰਾਸ਼ਟਰਪਤੀ ਨਾਲ ਮੇਰੇ ਸਬੰਧ ਬਹੁਤ ਚੰਗੇ ਹਨ ਪਰ ਮੈਨੂੰ ਨਹੀਂ ਪਤਾ ਇਹ ਭਵਿੱਖ ਵਿਚ ਜਾਰੀ ਰਹਿਣਗੇ ਜਾਂ ਨਹੀਂ।
ਮੈਂ ਰਾਸ਼ਟਰਪਤੀ ਸ਼ੀ ਨੂੰ ਦਸਿਆ ਹੈ ਕਿ ਅਸੀਂ ਵਪਾਰ ਅਤੇ ਹੋਰਨਾਂ ਮਾਧਿਅਮਾਂ ਰਾਹੀ ਚੀਨ ਨੂੰ ਅਮਰੀਕਾ ਤੋਂ ਹਰ ਸਾਲ 500 ਅਰਬ ਡਾਲਰ ਨਹੀਂ ਲਿਜਾਣ ਦੇ ਸਕਦੇ। ਸ਼ੀ ਦੁਨੀਆ ਦੇ ਉਨ੍ਹਾਂ ਨੇਤਾਵਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਮੇਜ਼ਬਾਨੀ ਟਰੰਪ ਨੇ ਫਲੋਰਿਡਾ ਸਥਿਤ ਅਪਣੇ ਮਾਰ-ਏ-ਲਾਗੋ ਰਿਸਾਰਟ ਤੇ ਕੀਤੀ ਹੈ। 20 ਜਨਵਰੀ 2017 ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕਣ ਤੋ ਬਾਅਦ ਟਰੰਪ ਚੀਨ ਦੀ ਯਾਤਰਾ ਕਰ ਚੁੱਕੇ ਹਨ ਅਤੇ ਵੱਖ-ਵੱਖ ਮੁੱਦਿਆਂ ਤੇ ਉਨ੍ਹਾਂ ਦੀ ਸ਼ੀ ਨਾਲ ਕਈ ਵਾਰ ਮੁਲਾਕਾਤ ਵੀ ਹੋਈ ਹੈ।
ਟਰੰਪ ਵੱਲੋਂ ਚੀਨ ਤੋਂ ਆਯਾਤ ਕੀਤੀਆਂ ਚੀਜ਼ਾਂ ਤੇ ਵਾਧੂ ਚਾਰਜ ਲਗਾਏ ਜਾਣ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਖਰਾਬ ਹੋਏ ਹਨ। ਇਥੋਂ ਤੱਕ ਕਿ ਤੱਤਕਾਲੀਨ ਅਮਰੀਕੀ ਰਾਸ਼ਟਪਰਤੀ ਰਿਚਰਡ ਨਿਕਸਨ ਦੀ 1972 ਵਿਚ ਚੀਨ ਯਾਤਰਾ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਅਜਿਹੀ ਖਟਾਸ ਪਹਿਲੀ ਵਾਰ ਆਈ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਚੀਨ ਚਾਹੁੰਦਾ ਵੀ ਹੋਵੇ ਤਾਂ ਵੀ ਇਕ ਹੱਦ ਤੋਂ ਬਾਅਦ ਜਵਾਬ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਉਹ ਜਵਾਬੀ ਕਾਰਵਾਈ ਕਰ ਸਕਦੇ ਹਨ, ਪਰ ਉਹ ਕਰ ਨਹੀਂ ਸਕਦੇ ਹਨ।
ਉਨ੍ਹਾਂ ਕੋਲ ਜਵਾਬੀ ਕਾਰਵਾਈ ਕਰਨ ਲਈ ਲੋੜੀਂਦੀ ਵਿਵਸਥਾ ਨਹੀਂ ਹੈ। ਅਸੀਂ ਉਨ੍ਹਾਂ ਨਾਲ 100 ਅਰਬ ਡਾਲਰ ਦਾ ਵਪਾਰ ਕਰਦੇ ਹਾਂ। ਉਹ ਸਾਡੇ ਨਾਲ 531 ਅਰਬ ਡਾਲਰ ਦਾ ਵਪਾਰ ਕਰਦੇ ਹਨ। ਟਰੰਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਚੀਨ ਦੀ ਅਰਥਵਿਵਸਥਾ ਨੂੰ ਮੰਦੀ ਵੱਲ ਧਕੇਲਣਾ ਚਾਹੁੰਦੇ ਹਨ। ਚੀਨ ਨਾਲ ਸੰਤੁਲਿਤ ਸਮਝੋਤੇ ਦੀ ਗੱਲ ਨੂੰ ਦੁਬਾਰਾ ਕਰਦਿਆਂ ਟਰੰਪ ਨੇ ਕਿਹਾ ਕਿ ਨਹੀਂ, ਹਾਲਾਂਕਿ 4 ਮਹੀਨਿਆਂ ਵਿਚ ਉਹ 32 ਫੀਸਦੀ ਹੇਠਾਂ ਆਏ ਹਨ, ਜੋ 1929 ਜਿਹਾ ਹੈ, ਮੈਂ ਉਹ ਨਹੀਂ ਚਾਹੁੰਦਾ।
ਮੈਂ ਚਾਹੁੰਦਾ ਹਾਂ ਕਿ ਉਹ ਸਾਡੇ ਨਾਲ ਸੰਤੁਲਿਤ ਸਮਝੋਤਾ ਕਰੇ। ਮੈਂ ਚਾਹੁੰਦਾ ਹਾਂ ਕਿ ਉਹ ਅਪਣੇ ਬਾਜ਼ਾਰ ਖੋਲਣ ਜਿਸ ਤਰਾਂ ਸਾਡੇ ਬਜ਼ਾਰ ਖੁੱਲੇ ਹੋਏ ਹਨ। 1929 ਨੂੰ ਮਹਾਨ ਮੰਦੀ ਦਾ ਕਾਲ ਕਿਹਾ ਜਾਂਦਾ ਹੈ। ਇਸ ਦੌਰਾਨ ਸੰਸਾਰ ਦੀਆਂ ਵੱਡੀਆਂ ਅਰਥਵਿਵਸਥਾਵਾਂ ਡੁੱਬਣ ਕੰਡੇ ਪੁੱਜ ਗਈਆਂ ਸਨ। ਦੂਜੇ ਪਾਸੇ ਅਮਰੀਕਾ ਦੇ ਗੁੰਮਰਾਹ ਕਰਨ ਵਾਲੇ ਸਿਗਨਲਾਂ ਤੋਂ ਚੀਜ ਦੁਖੀ ਹੈ ਪਰ ਉਸਨੂੰ ਆਸ ਹੈ ਕਿ ਅਗਲੇ ਮਹੀਨੇ ਹੋਣ ਵਾਲੀ ਜੀ-20 ਬੈਠਕ ਦੌਰਾਨ ਸ਼ੀ-ਟਰੰਪ ਦੀ ਮੁਲਾਕਾਤ ਹੋਵੇਗੀ।
ਟਰੰਪ ਦੇ ਆਰਥਿਕ ਸਲਾਹਕਾਰ ਲੈਰੀ ਕੁਡਲਾਅ ਨੇ ਦਸਿਆ ਕਿ ਜੀ-20 ਵਿਚ ਅਮਰੀਕਾ ਅਤੇ ਚੀਨ ਦੇ ਰਾਸ਼ਟਰਪਤੀਆਂ ਦੀ ਮੁਲਾਕਾਤ ਹੋ ਸਕਦੀ ਹੈ। ਅਮਰੀਕਾ ਵਿਚ ਚੀਨ ਦੇ ਰਾਜਦੂਤ ਸ਼ੂਈ ਤਿਆਨਕਾਈ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਚੀਨ ਵੱਲੋਂ ਇਕ-ਦੂਜੇ ਵਿਰੁਧ ਲਗਾਇਆ ਜਾ ਰਿਹਾ ਚਾਰਜ ਸੰਸਾਰਕ ਵਪਾਰ ਲਈ ਠੀਕ ਨਹੀਂ ਹੈ। ਸ਼ੂਈ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਪ੍ਰਸ਼ਾਸਨ ਵਿਚ ਆਖਰੀ ਫੈਲਸਾ ਕਿਸਦਾ ਹੋਣਾ ਹੈ ? ਉਨ੍ਹਾਂ ਕਿਹਾ ਕਿ ਹਾਂ ਅੰਦਾਜਾ ਹੈ ਕਿ ਆਖਰੀ ਫੈਸਲਾ ਰਾਸ਼ਟਰਪਤੀ ਲੈਣਗੇ।