ਦੱਖਣੀ ਧਰੁਵ ਤੋਂ ਬਾਅਦ ਹੁਣ ਅੰਟਾਰਕਟਿਕਾ ਦੀ ਯਾਤਰਾ ਕਰਨ ਜਾ ਰਹੀ ਹੈ ਬ੍ਰਿਟਿਸ਼ ਫ਼ੌਜ ਦੀ ਸਿੱਖ ਮਹਿਲਾ ਅਫ਼ਸਰ
ਅੰਟਾਰਕਟਿਕਾ ਦੀ ਯਾਤਰਾ ਕਰੇਗੀ ਬ੍ਰਿਟਿਸ਼ ਸਿੱਖ ਅਫ਼ਸਰ 'ਪੋਲਰ ਪ੍ਰੀਤ' , ਪਹਿਲਾਂ ਦੱਖਣੀ ਧਰੁਵ 'ਤੇ ਲਹਿਰਾ ਚੁੱਕੀ ਹੈ ਫ਼ਤਿਹ ਦਾ ਪਰਚਮ
ਲੰਡਨ - ਦੱਖਣੀ ਧਰੁਵ 'ਤੇ ਟ੍ਰੈਕਿੰਗ ਕਰਕੇ ਇਤਿਹਾਸ ਰਚਣ ਵਾਲੀ ਭਾਰਤੀ ਮੂਲ ਦੀ ਬ੍ਰਿਟਿਸ਼ ਫ਼ੌਜ ਦੀ ਸਿੱਖ ਅਫ਼ਸਰ ਪ੍ਰੀਤ ਚੰਦੀ, ਹੁਣ ਅੰਟਾਰਕਟਿਕਾ ਵਿੱਚ ਰਿਕਾਰਡ ਤੋੜ 1,100 ਮੀਲ ਦੀ ਯਾਤਰਾ ਕਰਨ ਜਾ ਰਿਹਾ ਹੈ - ਉਹ ਵੀ ਇਕੱਲਿਆਂ ਅਤੇ ਬਿਨਾਂ ਕਿਸੇ ਮਦਦ ਦੇ!
ਕੈਪਟਨ ਚੰਦੀ, ਜੋ 'ਪੋਲਰ ਪ੍ਰੀਤ' ਵਜੋਂ ਵੀ ਮਸ਼ਹੂਰ ਹੈ, ਇਸ ਸਾਲ ਜਨਵਰੀ ਵਿੱਚ ਪਹਿਲੀ ਫ਼ੌਜੀ ਔਰਤ ਬਣੀ, ਜਿਸ ਨੇ ਨਿਰਧਾਰਿਤ ਕਾਰਜ ਸੂਚੀ ਤੋਂ ਪੰਜ ਦਿਨ ਪਹਿਲਾਂ, ਸਿਰਫ਼ 40 ਦਿਨਾਂ ਵਿੱਚ ਦੱਖਣੀ ਧਰੁਵ ਦੀ ਯਾਤਰਾ ਇਕੱਲਿਆਂ ਅਤੇ ਬਿਨਾਂ ਕਿਸੇ ਕਿਸਮ ਦੀ ਕੋਈ ਮਦਦ ਲਏ 700 ਮੀਲ ਦੀ ਯਾਤਰਾ ਪੂਰੀ ਕੀਤੀ।
ਇਹ 33 ਸਾਲਾ ਜੁਝਾਰੂ ਔਰਤ ਆਪਣੀ ਯਾਤਰਾ ਨਵੰਬਰ 'ਚ ਸ਼ੁਰੂ ਕਰੇਗੀ, ਜਿਸ ਦੌਰਾਨ ਉਹ ਸਾਰੀ ਕਿੱਟ ਅਤੇ ਹੋਰ ਲੋੜੀਂਦਾ ਸਮਾਨ ਇੱਕ ਸਲੈੱਜ (ਬਰਫ਼ 'ਤੇ ਚੱਲਣ ਵਾਲੀ ਬਿਨਾਂ ਪਹੀਆਂ ਵਾਲੀ ਰੇਹੜੀ) 'ਤੇ ਖਿੱਚੇਗੀ, ਜਿਸ ਦਾ ਵਜ਼ਨ ਲਗਭਗ 120 ਕਿਲੋਗ੍ਰਾਮ ਦੇ ਕਰੀਬ ਹੋਵੇਗਾ, ਅਤੇ ਇਸ ਯਾਤਰਾ ਦੌਰਾਨ ਉਸ ਦਾ ਸਾਹਮਣਾ -50 ਡਿਗਰੀ ਸੈਲਸੀਅਸ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਚੱਲਦੀਆਂ ਹਵਾਵਾਂ ਨਾਲ ਹੋਵੇਗਾ।
“ਮੇਰੀ ਉਮੀਦ ਮੁਤਾਬਿਕ ਯਾਤਰਾ ਨੂੰ ਲਗਭਗ 75 ਦਿਨ ਲੱਗਣਗੇ। ਦੱਖਣੀ ਧਰੁਵ ਤੱਕ 700 ਮੀਲ ਦਾ ਸਫ਼ਰ ਕਰਨ ਤੋਂ ਬਾਅਦ, ਮੈਂ ਜਾਣਦੀ ਹਾਂ ਕਿ ਮੈਂ 1,100 ਮੀਲ ਦਾ ਸਫ਼ਰ ਤੈਅ ਕਰ ਸਕਦੀ ਹਾਂ,” ਚੰਦੀ ਨੇ ਕਿਹਾ, ਜੋ ਕਿ ਬ੍ਰਿਟਿਸ਼ ਫ਼ੌਜ ਵਿੱਚ ਇੱਕ ਫ਼ਿਜ਼ੀਓਥੈਰੇਪਿਸਟ ਵਜੋਂ ਕੰਮ ਕਰਦੀ ਹੈ। ਦੱਖਣੀ ਧਰੁਵ ਤੋਂ ਗਲੇਸ਼ੀਅਰ ਦੇ ਅਧਾਰ ਤੱਕ ਦੀ ਦੂਰੀ ਲਗਭਗ 655 ਕਿਲੋਮੀਟਰ ਹੈ। ਇਸ ਵਿੱਚੋਂ, ਲਗਭਗ 140 ਕਿਲੋਮੀਟਰ ਗਲੇਸ਼ੀਅਰ 'ਤੇ ਹੈ, ਜਿਸ ਦੀ ਚੜ੍ਹਾਈ ਲਗਭਗ 763 ਮੀਟਰ ਤੋਂ 2,931 ਮੀਟਰ ਤੱਕ ਹੈ।
“ਮੈਨੂੰ ਨਹੀਂ ਪਤਾ ਕਿ ਜ਼ਮੀਨ ਜਾਂ ਮੌਸਮ ਕਿਹੋ ਜਿਹਾ ਹੋਵੇਗਾ। ਜੇਕਰ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤਾਂ ਇਸ ਨਾਲ ਮੇਰੀ ਗਤੀ ਘਟੇਗੀ। ਸਵੀਡਨ ਦੀ ਜੋਹਨਾ ਡੇਵਿਡਸਨ ਅਤੇ ਬ੍ਰਿਟੇਨ ਦੀ ਹੈਨਾ ਮੈਕਕਿੰਡ ਤੋਂ ਬਾਅਦ, ਇਸ ਮੁਹਿੰਮ ਲਈ ਚੰਦੀ ਤੀਜੀ ਸਭ ਤੋਂ ਤੇਜ਼ ਮਹਿਲਾ ਸੋਲੋ ਸਕਾਇਅਰ ਹੈ। ਇੱਕ ਰਿਪੋਰਟ ਮੁਤਾਬਿਕ ਦੋ ਸਾਲਾਂ ਵਿੱਚ ਪੈਦਲ ਦੱਖਣੀ ਧਰੁਵ ਤੱਕ ਪਹੁੰਚਣ ਵਾਲੀ ਵੀ ਉਹ ਪਹਿਲੀ ਇਨਸਾਨ ਹੈ।
“ਅਜਿਹਾ ਸ਼ਾਨਦਾਰ ਪ੍ਰਤੀਨਿਧੀ ਮਿਲਣ 'ਤੇ ਬ੍ਰਿਟਿਸ਼ ਆਰਮੀ ਨੂੰ ਬਹੁਤ ਮਾਣ ਹੈ। ਕੈਪਟਨ ਚੰਦੀ ਉਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੈ, ਜਿਸ ਦੀ ਅਸੀਂ ਸੇਵਾ ਕਰਨ ਵਾਲੇ ਸਾਰੇ ਲੋਕਾਂ ਤੋਂ ਉਮੀਦ ਕਰਦੇ ਹਾਂ - ਹਿੰਮਤ, ਵਚਨਬੱਧਤਾ, ਅਤੇ ਖ਼ੁਦ ਨੂੰ ਹੋਰ ਬਿਹਤਰ ਬਣਾਉਣ ਦਾ ਜਜ਼ਬਾ।" ਬਰਤਾਨਵੀ ਫ਼ੌਜ ਦੇ ਜਨਰਲ ਸਟਾਫ਼ ਦੇ ਡਿਪਟੀ ਚੀਫ਼ ਲੈਫ਼ਟੀਨੈਂਟ ਜਨਰਲ ਸ਼ੈਰਨ ਨੇਸਮਿਥ ਨੇ ਕਿਹਾ।
ਚੰਦੀ ਦੀ ਸ਼ਲਾਘਾ ਵਿੱਚ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਟਵੀਟ ਕੀਤਾ, “ਸਾਰਿਆਂ ਲਈ ਪ੍ਰੇਰਨਾ, ਖ਼ਾਸ ਕਰਕੇ ਨੌਜਵਾਨ ਲੜਕੀਆਂ ਲਈ, ਨਿੱਜੀ ਸਰਹੱਦਾਂ ਨੂੰ ਅੱਗੇ ਵਧਾ ਕੇ ਅਤੇ ਸ਼ਾਨਦਾਰ ਕਾਰਨਾਮਾ ਕਰ ਦਿਖਾਉਣ ਲਈ।"
ਅੰਟਾਰਕਟਿਕਾ ਧਰਤੀ ਦਾ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਖ਼ੁਸ਼ਕ ਅਤੇ ਤੇਜ਼ ਹਵਾਵਾਂ ਵਾਲਾ ਮਹਾਂਦੀਪ ਹੈ, ਜਿੱਥੇ ਕੋਈ ਵੀ ਸਥਾਈ ਤੌਰ 'ਤੇ ਨਹੀਂ ਰਹਿੰਦਾ। ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਚੰਦੀ ਦੱਖਣੀ ਧਰੁਵ 'ਤੇ ਪਹੁੰਚੀ ਸੀ, ਤਾਂ ਉਸ ਨੇ ਆਪਣੇ ਬਲਾਗ ਪੋਸਟ ਵਿੱਚ ਕਿਹਾ ਸੀ, "ਮੈਂ ਸਿਰਫ਼ ਰਵਾਇਤਾਂ ਨੂੰ ਤੋੜਨ ਤੱਕ ਸੀਮਤ ਨਹੀਂ ਹੋਣਾ ਚਾਹੁੰਦੀ, ਮੈਂ ਇਨ੍ਹਾਂ ਨੂੰ ਲੱਖਾਂ ਟੁਕੜਿਆਂ ਵਿੱਚ ਚੂਰ-ਚੂਰ ਕਰਨਾ ਚਾਹੁੰਦੀ ਹਾਂ।"