ਕੈਲੀਫੋਰਨੀਆ ’ਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸਬੀ 509’ ਬਿਲ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਲੀਫੋਰਨੀਆ ’ਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸਬੀ 509’ ਬਿਲ ਰੱਦ

'SB 509' bill related to the safety of Sikhs in California rejected

ਸੈਕਰਾਮੈਂਟੋ (ਸ਼ਾਹ) :ਅਮਰੀਕਾ ਵਿਚ ਵਸਦੇ ਸਿੱੱਖਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸੂਬਾ ਅਸੈਂਬਲੀ ਅਤੇ ਸੈਨੇਨ ਵੱਲੋਂ ਪਾਸ ਕੀਤਾ ਗਿਆ ਬਿਲ ‘ਐਸਬੀ 509’ ਗਵਰਨਰ ਨੇ ਆਪਣੀ ਵੀਟੋ ਪਾਵਰ ਦੀ ਵਰਤੋਂ ਕਰਦਿਆਂ ਰੱਦ ਕਰ ਦਿੱਤਾ, ਜਿਸ ਨੂੰ ਲੈ ਸਿੱਖਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਐ। ਆਓ ਦੱਸਦੇ ਆਂ, ਕੀ ਐ ਪੂਰੀ ਖ਼ਬਰ।

ਕੈਲੇਫੋਰਨੀਆ ਵਿਚ ਵਸਦੇ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਲਿਆਂਦਾ ਜਾ ਰਿਹਾ ਬਿਲ ‘ਐਸਬੀ509’ ਗਵਰਨਰ ਗੈਵਿਨ ਨਿਊਸਮ ਵੱਲੋਂ ਰੱਦ ਕਰ ਦਿੱਤਾ ਗਿਆ ਹੈ, ਜਦਕਿ ਸੂਬਾ ਅਸੈਂਬਲੀ ਅਤੇ ਸੈਨੇਟ ਵੱਲੋਂ ਇਸ ਬਿਲ ਨੂੰ ਪਾਸ ਕਰ ਦਿੱਤਾ ਸੀ ਪਰ ਗਵਰਨਰ ਗੈਵਿਨ ਨਿਊਸਮ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਦਿਆਂ ਇਸ ਬਿਲ ਨੂੰ ਰੱਦ ਕਰ ਦਿੱਤਾ।    ਇਸ ਬਿਲ ਪਾਸ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੀ ਡਾ. ਜਸਮੀਤ ਕੌਰ ਬੈਂਸ ਨੇ ਆਖਿਆ ਕਿ ਗਵਰਨਰ ਵੱਲੋਂ ਜਾਤ ਆਧਾਰਤ ਵਿਤਕਰਾ ਰੋਕਣ  ਦੀ ਗੱਲ ਕਹਿ ਕੇ ਬਿਲ ਨੂੰ ਰੱਦ ਕੀਤਾ ਗਿਆ ਅਤੇ ਹੁਣ ਕੈਲੇਫੋਰਨੀਆ ਵਾਸੀਆਂ ਨੂੰ ਟਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਬਚਾਉਣ ਵਾਲੇ ਬਿਲ ਨੂੰ ਵੀ ਵੀਟੋ ਕਰ ਦਿੱਤਾ। ਉਨ੍ਹਾਂ ਤੰਜ ਕਸਦਿਆਂ ਆਖਿਆ ਕਿ ਸ਼ੁਕਰ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਤ ਮਤਾ ਪਾਸ ਕਰਵਾਉਣ ਲਈ ਗਵਰਨਰ ਦੇ ਦਸਤਖ਼ਤਾਂ ਦੀ ਜ਼ਰੂਰਤ ਨਹੀਂ ਪਈ। ਡਾ. ਬੈਂਸ ਨੇ ਅੱਗੇ ਆਖਿਆ ਕਿ ਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਐ ਅਤੇ ਇਸ ਮਾਮਲੇ ਵਿਚ ਕਈ ਮੈਂਬਰ ਸਾਡੇ ਨਾਲ ਡਟੇ ਹੋਏ ਨੇ। ਕੈਲੇਫੋਰਨੀਆ ਦੇ ਗਵਰਨਰ ਵੱਲੋਂ ਕੀਤੀ ਇਹ ਕਾਰਵਾਈ ਸਾਡੇ ਭਾਈਚਾਰੇ ਨੂੰ ਬਣਾ ਜਾਂ ਵਿਗਾੜ ਨਹੀਂ ਸਕਦੀ ਅਤੇ ਅਸੀਂ ਨਫ਼ਰਤ, ਨਸਲਵਾਦ ਅਤੇ ਡਰਾਉਣਾ ਮਾਹੌਲ ਪੈਦਾ ਕਰਨ ਵਾਲਿਆਂ ਦੇ ਵਿਰੁੱਧ ਖੜ੍ਹੇ ਹਾਂ।

ਇਸੇ ਦੌਰਾਨ ਸਿੱਖ ਕੋਲੀਸ਼ਨ ਦੇ ਫੈਡਰਲ ਪੌਲਿਸੀ ਮੈਨੇਜਰ ਹਰਜੋਤ ਸਿੰਘ ਨੇ ਦੱਸਿਆ ਕਿ ਗਵਰਨ ਗੈਵਿਨ ਨਿਊਸਮ ਵੱਲੋਂ ਭਾਵੇਂ ‘ਬਿਲ 509’ ਰੱਦ ਕਰ ਦਿਤਾ ਗਿਆ ਹੈ ਪਰ ਆਪਣੇ ਵੀਟੋ ਮੈਸੇਜ ਵਿਚ ਉਨ੍ਹਾਂ ਕਿਹਾ ਹੈ ਕਿ ਕੈਲੇਫੋਰਨੀਆ ਆਫ਼ਿਸ ਆਫ਼ ਐਮਰਜੈਂਸੀ ਸਰਵਿਸਿਜ਼ ਵੱਲੋਂ ਵਿਦੇਸ਼ੀ ਤਾਕਤਾਂ ਦੇ ਜਬਰ ਨੂੰ ਠੱਲ੍ਹ ਪਾਉਣ ਲਈ ਟਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸਿੱਖ ਕੋਲੀਸ਼ਨ ਵੱਲੋਂ ਇਸ ਟਰੇਨਿੰਗ ਪ੍ਰੋਗਰਾਮ ਦੀ ਮੌਜੂਦਗੀ ਬਾਰੇ ਜਲਦ ਤਸਦੀਕ ਕੀਤੀ ਜਾਵੇਗਾ। 

ਉਧਰ ਦੂਜੇ ਪਾਸੇ ਕੋਲੀਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮੈਰਿਕਾ ਵੱਲੋਂ ‘ਐਸਬੀ 509’ ਰੱਦ ਕੀਤੇ ਜਾਣ ਦਾ ਸਵਾਗਤ ਕੀਤਾ ਗਿਆ ਹੈ। ਜਥੇਬੰਦੀ ਨੇ ਦਲੀਲ ਦਿਤੀ ਕਿ ਕੈਲੇਫੋਰਨੀਆ ਵਿਚ ਕਿਸੇ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧ ਕਰਨ ਵਾਲਿਆਂ ਨੂੰ ਬਿਲ ਤਹਿਤ ਭਾਰਤ ਸਰਕਾਰ ਦੇ ਲੁਕਵੇਂ ਏਜੰਟ ਮੰਨਿਆ ਜਾ ਸਕਦਾ ਹੈ।

ਦੱਸ ਦਈਏ ਕਿ ਕੈਲੇਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਡਾ. ਜਸਮੀਤ ਕੌਰ ਬੈਂਸ ਨੇ ਬਿਲ ਪਾਸ ਹੋਣ ਮਗਰੋਂ ਆਖਿਆ ਸੀ ਕਿ ਬਿਲਕੁਲ ਅਜਿਹਾ ਹੀ ਬਿਲ ਅਮਰੀਕਾ ਦੀ ਸੰਸਦ ਵਿਚ ਵੀ ਪਾਸ ਹੋਣਾ ਚਾਹੀਦਾ ਹੈ ਤਾਂਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਇਆ ਨਾ ਜਾ ਸਕੇ। ਇਸ ਤੋਂ ਇਲਾਵਾ ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ ਵਰਗੀਆਂ ਕਈ ਜਥੇਬੰਦੀਆਂ ਨੇ ਵੀ ਇਸ ਬਿਲ ਦੀ ਜ਼ੋਰਦਾਰ ਹਮਾਇਤ ਕੀਤੀ ਪਰ ਇਹ ਸਭ ਦੇ ਬਾਵਜੂਦ ਹੁਣ ਇਹ ਬਿਲ ਰੱਦ ਹੋ ਚੁੱਕਾ ਹੈ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ