ਆਸਟ੍ਰੀਆ ਸਰਕਾਰ ਦਾ ਵੱਡਾ ਫ਼ੈਸਲਾ : ਕੋਰੋਨਾ ਟੀਕਾਕਰਨ ਨਾ ਕਰਵਾਉਣ ਵਾਲਿਆਂ ਲਈ ਲਗਾਇਆ Lockdown
ਕੋਰੋਨਾ ਵਾਇਰਸ ਨੇ ਯੂਰਪ ਵਿਚ ਇਕ ਵਾਰ ਫਿਰ ਤੇਜ਼ੀ ਨਾਲ ਦਸਤਕ ਦਿਤੀ ਹੈ। ਪੱਛਮੀ ਯੂਰਪ ਵਿਚ ਸਥਿਤੀ ਹੋਰ ਚਿੰਤਾਜਨਕ ਹੈ, ਜਿੱਥੇ ਟੀਕਾਕਰਨ ਜ਼ਿਆਦਾ ਹੋਇਆ ਹੈ ।
ਆਸਟ੍ਰੀਆ : ਕੋਰੋਨਾ ਵਾਇਰਸ ਨੇ ਯੂਰਪ ਵਿਚ ਇਕ ਵਾਰ ਫਿਰ ਤੇਜ਼ੀ ਨਾਲ ਦਸਤਕ ਦਿਤੀ ਹੈ। ਪੱਛਮੀ ਯੂਰਪ ਵਿਚ ਸਥਿਤੀ ਹੋਰ ਚਿੰਤਾਜਨਕ ਹੈ, ਜਿੱਥੇ ਟੀਕਾਕਰਨ ਜ਼ਿਆਦਾ ਹੋਇਆ ਹੈ ਪਰ ਮਾਮਲੇ ਅਜੇ ਵੀ ਪੂਰੀ ਰਫ਼ਤਾਰ ਨਾਲ ਵੱਧ ਰਹੇ ਹਨ। ਹੁਣ ਯੂਰਪ ਦੇ ਹੀ ਆਸਟਰੀਆ 'ਚ ਟੀਕਾਕਰਨ ਨਾ ਕਰਵਾਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਸਰਕਾਰ ਨੇ ਅਜਿਹੇ ਲੋਕਾਂ ਲਈ ਲਾਕਡਾਊਨ ਲਗਾਇਆ ਹੋਇਆ ਹੈ।
ਆਸਟ੍ਰੀਆ ਵਿਚ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲ ਚੁੱਕੀ ਹੈ ਉਹ ਰੈਸਟੋਰੈਂਟ ਵਿਚ ਵੀ ਜਾ ਸਕਣਗੇ, ਹੋਟਲਾਂ ਵਿੱਚ ਰਹਿ ਸਕਣਗੇ ਅਤੇ ਹੋਰ ਸਹੂਲਤਾਂ ਮਿਲਦੀਆਂ ਰਹਿਣਗੀਆਂ। ਪਰ ਜਿਨ੍ਹਾਂ ਨੇ ਵੈਕਸੀਨ ਦੀ ਖ਼ੁਰਾਕ ਨਹੀਂ ਲਈ ਹੈ, ਉਨ੍ਹਾਂ ਨੂੰ ਘਰ ਹੀ ਰਹਿਣਾ ਪਵੇਗਾ।
ਅਜਿਹੇ ਲੋਕਾਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਲਿਆਉਣ ਅਤੇ ਡਾਕਟਰ ਕੋਲ ਜਾਣ ਦੀ ਇਜਾਜ਼ਤ ਹੋਵੇਗੀ। ਜਾਣਕਾਰੀ ਇਹ ਵੀ ਦਿਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦਾ ਹਾਲ ਹੀ ਵਿਚ ਕੋਵਿਡ ਟੀਕਾਕਰਨ ਹੋਇਆ ਹੈ ਅਤੇ ਅਜੇ ਤੱਕ ਠੀਕ ਨਹੀਂ ਹੋਏ ਹਨ, ਉਨ੍ਹਾਂ ਨੂੰ ਵੀ ਇਕਾਂਤਵਾਸ ਵਿਚ ਰਹਿਣਾ ਪਵੇਗਾ।
ਆਸਟ੍ਰੀਆ ਦੇ ਚਾਂਸਲਰ ਅਲੈਗਜ਼ੈਂਡਰ ਸ਼ੈਲੇਨਬਰਗ ਨੇ ਇਨ੍ਹਾਂ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਹੈ। ਅੱਜ ਤੋਂ, ਆਸਟ੍ਰੀਆ ਵਿੱਚ ਸੀਮਤ ਗਿਣਤੀ ਵਿਚ ਲੋਕਾਂ ਲਈ ਤਾਲਾਬੰਦੀ ਲਾਗੂ ਕਰ ਦਿਤੀ ਗਈ ਹੈ। ਅਜਿਹੇ 'ਚ ਵਧਦੇ ਮਾਮਲਿਆਂ ਵਿਚਾਲੇ ਵੈਕਸੀਨ ਨੂੰ ਕਾਫੀ ਮਹੱਤਵ ਦਿਤਾ ਜਾ ਰਿਹਾ ਹੈ।
ਹਾਲਾਂਕਿ, ਆਸਟ੍ਰੀਆ ਵਿਚ ਟੀਕਾਕਰਨ ਦੀ ਸਥਿਤੀ ਚੰਗੀ ਹੈ। ਉੱਥੇ ਹੀ 65 ਫ਼ੀ ਸਦੀ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਬੱਚਿਆਂ ਦੇ ਵੈਕਸੀਨ 'ਤੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਅਜਿਹੇ 'ਚ ਸਥਿਤੀ 'ਤੇ ਕਾਬੂ ਪਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ 'ਚ ਜ਼ਿਆਦਾ ਸਫ਼ਲਤਾ ਨਹੀਂ ਮਿਲ ਰਹੀ ਹੈ।
ਟੀਕਾਕਰਨ ਨਾ ਕਰਵਾਉਣ ਵਾਲਿਆਂ ਲਈ ਲਾਕਡਾਊਨ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਆਸਟ੍ਰੀਆ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੈ ਕਿਉਂਕਿ ਉਨ੍ਹਾਂ ਨੇ ਸੀਮਤ ਗਿਣਤੀ ਦੇ ਲੋਕਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।