ਕੈਲੀਫ਼ੋਰਨੀਆ : 17,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ
ਸੱਭ ਤੋਂ ਵੱਧ ਪ੍ਰਭਾਵਿਤ ਹੋਣਗੇ ਭਾਰਤੀ ਮੂਲ ਦੇ ਟਰੱਕ ਡਰਾਈਵਰ
ਵਾਸ਼ਿੰਗਟਨ : ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਨੇ ਵਿਦੇਸ਼ੀਆਂ ਨੂੰ ਜਾਰੀ ਕੀਤੇ ਗਏ ਲਗਭਗ 17,000 ਕਮਰਸ਼ੀਅਲ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ, ਜਿਨ੍ਹਾਂ ਨੇ ਪਿਛਲੇ ਇਕ ਦਹਾਕੇ ਵਿਚ ਡਰਾਈਵਰਾਂ ਦੀ ਕਮੀ ਨੂੰ ਪੂਰਾ ਕੀਤਾ ਸੀ, ਨੂੰ ਸੱਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਇਹ ਵੱਡੀ ਕਾਰਵਾਈ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਨਾਜਾਇਜ਼ ਪ੍ਰਵਾਸੀਆਂ ਨੂੰ ਗਲਤ ਢੰਗ ਨਾਲ ਲਾਇਸੈਂਸ ਦੇਣ ਦੀ ਚਿੰਤਾ ਤੋਂ ਬਾਅਦ ਸ਼ੁਰੂ ਹੋਈ। ਇਸ ਦਾ ਮੁੱਖ ਕਾਰਨ ਨਾਜਾਇਜ਼ ਟਰੱਕ ਡਰਾਈਵਰਾਂ ਨਾਲ ਜੁੜੇ ਜਾਨਲੇਵਾ ਸੜਕ ਹਾਦਸੇ ਹਨ। ਅਗੱਸਤ ’ਚ ਫ਼ਲੋਰੀਡਾ ਵਿਚ ਇਕ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀ ਡਰਾਈਵਰ ਨੇ ਯੂ-ਟਰਨ ਲੈ ਕੇ ਇਕ ਹਾਦਸਾ ਕਰ ਦਿਤਾ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਦੂਜਾ ਪਿਛਲੇ ਮਹੀਨੇ ਕੈਲੀਫ਼ੋਰਨੀਆ ’ਚ ਵੀ ਇਕ ਹੋਰ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀ ਟਰੱਕ ਡਰਾਈਵਰ ਨਾਲ ਜੁੜੇ ਹਾਦਸੇ ਵਿਚ ਤਿੰਨ ਲੋਕ ਮਾਰੇ ਗਏ ਸਨ। ਤੀਜਾ ਕੈਲੀਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਬੁੱਧਵਾਰ ਨੂੰ ਕਿਹਾ ਕਿ ਲਾਇਸੈਂਸ ਇਸ ਲਈ ਅਵੈਧ ਸਨ ਕਿਉਂਕਿ ਉਨ੍ਹਾਂ ਦੀ ਮਿਆਦ ਪੁੱਗਣ ਦੀ ਮਿਤੀ ਡਰਾਈਵਰਾਂ ਦੇ ਅਮਰੀਕਾ ’ਚ ਕਾਨੂੰਨੀ ਤੌਰ ’ਤੇ ਰਹਿਣ ਦੀ ਮਨਜ਼ੂਰਸ਼ੁਦਾ ਮਿਆਦ ਤੋਂ ਵੱਧ ਚਲੀ ਗਈ ਸੀ।
ਅਮਰੀਕੀ ਟਰਾਂਸਪੋਰਟ ਸਕੱਤਰ ਸੀਨ ਪੀ ਡਫੀ ਨੇ ਕੈਲੀਫ਼ੋਰਨੀਆ ਦੇ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨੇ ਸਾਬਤ ਕਰ ਦਿਤਾ ਹੈ ਕਿ ਰਾਜ ਨੇ ਅਪਣੀ ਪ੍ਰਕਿਰਿਆ ਨੂੰ ਗ਼ਲਤ ਢੰਗ ਨਾਲ ਸੰਭਾਲਿਆ। ਡਫੀ ਨੇ ਇਕ ਬਿਆਨ ’ਚ ਕਿਹਾ ਕਿ ਹੁਣ ਜਦੋਂ ਅਸੀਂ ਉਨ੍ਹਾਂ ਦੇ ਝੂਠ ਨੂੰ ਉਜਾਗਰ ਕਰ ਦਿਤਾ ਹੈ, 17,000 ਨਾਜਾਇਜ਼ ਢੰਗ ਨਾਲ ਜਾਰੀ ਕੀਤੇ ਗਏ ਟਰੱਕਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ। (ਏਜੰਸੀ)