ਨਿਊਯਾਰਕ 'ਚ ਕੱਢੀ ਗਈ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਰੋਸ ਰੈਲੀ
ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ ਹੋਈ
ਨਿਊਯਾਰਕ : ਕਿਸਾਨ ਅੰਦਲੋਨ ਨੂੰ ਦੁਨੀਆ ਭਰ ਵਿਚ ਵੱਸਦੇ ਭਾਰਤੀ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨ ਨਿਊਯਾਰਕ ਵਿਚ ਕਿਸਾਨ ਸਮਰਥਨ ਦੇ ਲਈ ਪਹਿਲੀ ਕਾਰ ਰੈਲੀ ਕੱਢੀ ਗਈ, ਜਿਸ ਵਿਚ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਗ ਲਿਆ। ਇਸ ਜ਼ਰੀਏ ਭਾਰਤ ਦੇ ਕਿਸਾਨ ਮਜ਼ਦੂਰਾਂ ਦੇ ਖ਼ਿਲਾਫ਼ ਭਾਰਤ ਸਰਕਾਰ ਵੱਲੋ ਪਾਸ ਕੀਤੇ ਬਿੱਲਾ ਨੂੰ ਵਾਪਸ ਲੈਣ ਅਤੇ ਕਿਸਾਨਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕੀਤੀ ਗਈ।
ਇਸ ਦੇ ਨਾਲ ਹੀ ਭਾਰਤ ਦੀ ਮੋਦੀ ਸਰਕਾਰ ਦਾ ਚਿਹਰਾ ਦੁਨੀਆ ਸਾਹਮਣੇ ਨੰਗਾ ਕੀਤਾ ਗਿਆ, ਜਿਸ ਨੂੰ ਇੰਨਟਰਫੇਥ ਆਰਗੇਨਾਈਜੇਸ਼ਨ ਹਿਊਮਨ ਰਾਇਟਸ ਸਾਂਝਾ ਪੰਜਾਬ ਨਿਊਯਾਰਕ ਯੂਥ ਅਤੇ ਗੁਰਦੁਆਰਾ ਸ਼ਹੀਦਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਵੱਲੋ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ।
ਗੱਡੀਆਂ ਦਾ ਇਕ ਵੱਡਾ ਕਾਫ਼ਲਾ, ਜਿਸ ਵਿਚ ਬੇਮਿਸਾਲ ਜੋਸ਼ ਨਾਲ ਸ਼ਾਮਲ ਸਾਰੇ ਵਰਗ ਦੇ ਲੋਕਾਂ ਨੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਦੀ ਆਵਾਜ਼ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦਾ ਯਤਨ ਕੀਤਾ। ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ ਹੋਈ ਜੋ ਵੱਖ -ਵੱਖ ਰਸਤਿਆਂ ਤੋਂ ਹੁੰਦੀ ਹੋਈ ਨਾਸੂ ਕਾਊਂਟੀ ਦੇ ਆਫ਼ਿਸ ਸਾਹਮਣੇ ਜਾ ਕੇ ਸਮਾਪਤ ਹੋਈ।