ਤਬਲਾ ਵਾਦਕ ਜ਼ਾਕਿਰ ਹੁਸੈਨ ਨਹੀਂ ਰਹੇ, 73 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਿਲ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਦੋ ਹਫ਼ਤੇ ਤੋਂ ਸਾਨ ਫਰਾਂਸਿਸਕੋ ਦੇ ਹਸਪਤਾਲ ’ਚ ਸਨ ਦਾਖ਼ਲ

Zakir Hussain.

ਨਵੀਂ ਦਿੱਲੀ : ਤਬਲਾ ਵਾਦਕ ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਹੈ। ਕਈ ਟੀ.ਵੀ. ਚੈਨਲਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ ਦਿਲ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਸਾਨ ਫਰਾਂਸਿਸਕੋ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ’ਚ ਦਾਖਲ ਕਰਵਾਇਆ ਗਿਆ ਸੀ। ਹੁਸੈਨ ਦੇ ਦੋਸਤ ਅਤੇ ਬੰਸਰੀ ਵਾਦਕ ਰਾਕੇਸ਼ ਚੌਰਸੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।

ਉਨ੍ਹਾਂ ਦੀ ਮੈਨੇਜਰ ਨਿਰਮਲਾ ਬਚਨੀ ਨੇ ਦਸਿਆ ਕਿ ਅਮਰੀਕਾ ’ਚ ਰਹਿਣ ਵਾਲੇ 73 ਸਾਲ ਦੇ ਸੰਗੀਤਕਾਰ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ। ਬਚਾਨੀ ਨੇ ਕਿਹਾ, ‘‘ਹੁਸੈਨ ਦਿਲ ਨਾਲ ਜੁੜੀ ਸਮੱਸਿਆ ਕਾਰਨ ਪਿਛਲੇ ਦੋ ਹਫਤਿਆਂ ਤੋਂ ਸਾਨ ਫਰਾਂਸਿਸਕੋ ਦੇ ਇਕ ਹਸਪਤਾਲ ਵਿਚ ਦਾਖਲ ਹਨ।’’

ਚੌਰਸੀਆ ਨੇ ਦਸਿਆ, ‘‘ਹੁਸੈਨ ਬਿਮਾਰ ਹਨ ਅਤੇ ਇਸ ਸਮੇਂ ਆਈ.ਸੀ.ਯੂ. ’ਚ ਦਾਖਲ ਹਨ। ਅਸੀਂ ਸਾਰੇ ਉਸ ਦੀ ਸਿਹਤ ਦੀ ਸਥਿਤੀ ਬਾਰੇ ਚਿੰਤਤ ਹਾਂ।’’ 

ਪ੍ਰਸਿੱਧ ਤਬਲਾ ਵਾਦਕ ਅੱਲ੍ਹਾ ਰੱਖਾ ਦੇ ਵੱਡੇ ਬੇਟੇ ਜ਼ਾਕਿਰ ਹੁਸੈਨ ਨੇ ਅਪਣੇ ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਭਾਰਤ ਅਤੇ ਦੁਨੀਆਂ ਭਰ ’ਚ ਅਪਣੀ ਪਛਾਣ ਬਣਾਈ ਸੀ। ਹੁਸੈਨ ਨੂੰ ਅਪਣੇ ਕਰੀਅਰ ਵਿਚ ਪੰਜ ਗ੍ਰੈਮੀ ਪੁਰਸਕਾਰ ਮਿਲੇ ਹਨ, ਜਿਨ੍ਹਾਂ ਵਿਚੋਂ ਤਿੰਨ ਇਸ ਸਾਲ ਦੇ ਸ਼ੁਰੂ ਵਿਚ 66ਵੇਂ ਗ੍ਰੈਮੀ ਅਵਾਰਡਸ ਵਿਚ ਆਏ ਸਨ। ਭਾਰਤ ਦੇ ਸੱਭ ਤੋਂ ਮਸ਼ਹੂਰ ਕਲਾਸੀਕਲ ਸੰਗੀਤਕਾਰਾਂ ’ਚੋਂ ਇਕ, ਹੁਸੈਨ ਨੂੰ 1988 ’ਚ ਪਦਮ ਸ਼੍ਰੀ, 2002 ’ਚ ਪਦਮ ਭੂਸ਼ਣ ਅਤੇ 2023 ’ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।