ਕੋਰੋਨਾ ਪਾਜ਼ੇਟਿਵ ਚੀਨੀ ਨਾਗਰਿਕ ਲੋਹੇ ਦੇ ਬਕਸਿਆਂ ’ਚ ਕੀਤੇ ਇਕਾਂਤਵਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖ਼ਬਰ ਹੈ ਕਿ ਸ਼ਿਆਨ ਸਮੇਤ ਕੁੱਝ ਸ਼ਹਿਰਾਂ ’ਚ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੈਦ ਕਰ ਕੇ ਰਖਿਆ ਗਿਆ

Corona-positive Chinese citizens secluded in iron boxes

 

ਲੰਡਨ : ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੇ ਨਾਂ ’ਤੇ ਚੀਨ ਅਪਣੇ ਹੀ ਦੇਸ਼ ਦੇ ਲੋਕਾਂ ’ਤੇ ਭਿਆਨਕ ਅਤਿਆਚਾਰ ਕਰ ਰਿਹਾ ਹੈ ਅਤੇ ਚੀਨ ਤੋਂ ਆਉਣ ਵਾਲੀ ਰਿਪੋਰਟ ਰੂਹ ਕੰਬਾਉਣ ਵਾਲੀ ਹੈ। ਰਿਪੋਰਟ ਮੁਤਾਬਕ ਚੀਨ ’ਚ ਕੋਰੋਨਾ ਪੀੜਤਾਂ ਨੂੰ ਸ਼ੀ ਜਿਨਪਿੰਗ ਦੇ ਅਧਿਕਾਰੀਆਂ ਨੇ ਲੋਹੇ ਦੇ ਬਕਸਿਆਂ ’ਚ ਬੰਦ ਕਰ ਕੇ ਰਖਿਆ ਹੋਇਆ ਹੈ। ਜਿਨਪਿੰਗ ਨੇ ਜ਼ੀਰੋ ਕੋਵਿਡ ਪਾਲਿਸੀ ਦੇ ਨਾਂ ’ਤੇ ਲੋਕਾਂ ਨਾਲ ਅਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। ਬਕਸੇ ’ਚ ਬੰਦ ਲੋਕਾਂ ਦੇ ‘ਡੇਲੀ ਮੇਲ’ ਨੇ ਕਈ ਵੀਡੀਉ ਜਨਤਕ ਕੀਤੇ ਹਨ।

ਰਿਪੋਰਟ ਮੁਤਾਬਕ ਕੋਰੋਨਾ ਪੀੜਤ ਮਰੀਜ਼ਾਂ ਨੂੰ ਚੀਨ ਦੇ ਸ਼ਇਆਨ, ਅਨਯਾਂਗ ਅਤੇ ਯੁਝੋਊ ਸੂਬਿਆਂ ’ਚ ਲੋਹੇ ਦੇ ਬਕਸੇ ਵਿਚ ਬੰਦ ਕਰ ਕੇ ਰਖਿਆ ਜਾ ਰਿਹਾ ਹੈ ਅਤੇ ਸੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਗਰਭਵਤੀ ਔਰਤਾਂ ’ਤੇ ਵੀ ਕੋਈ ਰਹਿਮ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਵੀ ਵਖਰੇ-ਵਖਰੇ ਬਕਸਿਆਂ ’ਚ ਬੰਦ ਕਰ ਦਿਤਾ ਗਿਆ ਹੈ ਤਾਂ ਜੋ ਉਹ ਹੋਰ ਲੋਕਾਂ ਨੂੰ ਇਨਫ਼ੈਕਟਿਡ ਨਹੀਂ ਕਰ ਸਕਣ।

ਖ਼ਬਰ ਹੈ ਕਿ ਸ਼ਿਆਨ ਸਮੇਤ ਕੁੱਝ ਸ਼ਹਿਰਾਂ ’ਚ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੈਦ ਕਰ ਕੇ ਰਖਿਆ ਗਿਆ ਹੈ। ਸ਼ਿਆਨ ਸ਼ਹਿਰ ’ਚ 1 ਕਰੋੜ 30 ਲੱਖ ਅਪਣੇ ਘਰਾਂ ’ਚ ਕੈਦ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਉਥੇ ਲੋਹੇ ਦੇ ਬਕਸਿਆਂ ’ਚ ਬੰਦ ਸੈਂਕੜੇ ਲੋਕਾਂ ਨੂੰ ਲਕੜੀ ਦੇ ਬਕਸੇ ਦੇ ਨਾਲ ਇਕ ਟਾਇਲਟ ਦਿਤੀ ਜਾਂਦੀ ਹੈ ਅਤੇ 2 ਹਫ਼ਤੇ ਤਕ ਲੋਹੇ ਦੇ ਬਕਸੇ ’ਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।