ਉੱਤਰੀ ਕੋਰੀਆ ਹੁਣ ਦਖਣੀ ਕੋਰੀਆ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ: ਕਿਮ ਜੋਂਗ ਉਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਕੋਰੀਆ ਦੇ ਸੰਵਿਧਾਨ ਨੂੰ ਮੁੜ ਲਿਖਣ ਦਾ ਸੱਦਾ ਦਿਤਾ

North Korea will no longer seek reconciliation with South Korea: Kim Jong Un

ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਹੁਣ ਦਖਣੀ ਕੋਰੀਆ ਨਾਲ ਸੁਲ੍ਹਾ ਨਹੀਂ ਚਾਹੁੰਦਾ ਅਤੇ ਉਨ੍ਹਾਂ ਨੇ ਜੰਗ ਨਾਲ ਵੰਡੇ ਦੇਸ਼ਾਂ ਵਿਚਾਲੇ ਸਾਂਝੇ ਰਾਸ਼ਟਰ ਦੇ ਵਿਚਾਰ ਨੂੰ ਖਤਮ ਕਰਨ ਲਈ ਉੱਤਰੀ ਕੋਰੀਆ ਦੇ ਸੰਵਿਧਾਨ ਨੂੰ ਮੁੜ ਲਿਖਣ ਦਾ ਸੱਦਾ ਦਿਤਾ। ਸਾਂਝੀ ਕੌਮੀ ਏਕਤਾ ਦੀ ਭਾਵਨਾ ’ਤੇ ਅਧਾਰਤ ਦੋਹਾਂ ਕੋਰੀਆ ਦੇ ਦਹਾਕਿਆਂ ਪੁਰਾਣੇ ਏਕੀਕਰਨ ਦੇ ਯਤਨਾਂ ਨੂੰ ਖਤਮ ਕਰਨ ਦਾ ਇਤਿਹਾਸਕ ਕਦਮ ਖੇਤਰ ’ਚ ਵਧਦੇ ਤਣਾਅ ਦੇ ਵਿਚਕਾਰ ਆਇਆ ਹੈ।

ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐਨ.ਏ.) ਮੁਤਾਬਕ ਉੱਤਰੀ ਕੋਰੀਆ ਨੇ ਦਖਣੀ ਕੋਰੀਆ ਨਾਲ ਸਬੰਧ ਬਣਾਈ ਰੱਖਣ ਨਾਲ ਜੁੜੇ ਮਹੱਤਵਪੂਰਨ ਸਰਕਾਰੀ ਸੰਗਠਨਾਂ ਨੂੰ ਵੀ ਖਤਮ ਕਰ ਦਿਤਾ ਹੈ। ਦਖਣੀ ਕੋਰੀਆ ਨਾਲ ਗੱਲਬਾਤ ਅਤੇ ਸਹਿਯੋਗ ਵਿਚ ਸ਼ਾਮਲ ਏਜੰਸੀਆਂ ਨੂੰ ਖਤਮ ਕਰਨ ਦਾ ਫੈਸਲਾ ਸੋਮਵਾਰ ਨੂੰ ਦੇਸ਼ ਦੀ ਸੰਸਦ ਦੀ ਬੈਠਕ ਵਿਚ ਲਿਆ ਗਿਆ।

ਸੁਪਰੀਮ ਪੀਪਲਜ਼ ਅਸੈਂਬਲੀ ਨੇ ਇਕ ਬਿਆਨ ਵਿਚ ਕਿਹਾ ਕਿ ਦੋਵੇਂ ਕੋਰੀਆ ਹੁਣ ਗੰਭੀਰ ਟਕਰਾਅ ਵਿਚ ਹਨ ਅਤੇ ਉੱਤਰੀ ਕੋਰੀਆ ਲਈ ਦਖਣੀ ਕੋਰੀਆ ਨੂੰ ਕੂਟਨੀਤੀ ਵਿਚ ਭਾਈਵਾਲ ਮੰਨਣਾ ਇਕ ਗੰਭੀਰ ਗਲਤੀ ਹੋਵੇਗੀ। ਅਸੈਂਬਲੀ ਨੇ ਇਕ ਬਿਆਨ ਵਿਚ ਕਿਹਾ ਕਿ ਕੌਮੀ ਆਰਥਕ ਸਹਿਯੋਗ ਬਿਊਰੋ ਅਤੇ ਕੌਮਾਂਤਰੀ ਸੈਰ-ਸਪਾਟਾ ਪ੍ਰਸ਼ਾਸਨ, ਉੱਤਰ-ਦਖਣੀ ਕੋਰੀਆ ਗੱਲਬਾਤ, ਗੱਲਬਾਤ ਅਤੇ ਸਹਿਯੋਗ ਲਈ ਬਣਾਈ ਗਈ ਦੇਸ਼ ਦੇ ਸ਼ਾਂਤੀਪੂਰਨ ਪੁਨਰਗਠਨ ਬਾਰੇ ਕਮੇਟੀ ਨੂੰ ਖਾਰਜ ਕੀਤਾ ਜਾਂਦਾ ਹੈ। 

ਕੇ.ਸੀ.ਐਨ.ਏ. ਨੇ ਕਿਹਾ ਕਿ ਸੰਸਦ ਵਿਚ ਅਪਣੇ ਭਾਸ਼ਣ ਦੌਰਾਨ ਕਿਮ ਨੇ ਦਖਣੀ ਕੋਰੀਆ ਅਤੇ ਅਮਰੀਕਾ ਦੇ ਸਾਂਝੇ ਫੌਜੀ ਅਭਿਆਸ, ਅਮਰੀਕੀ ਰਣਨੀਤਕ ਫੌਜੀ ਸੰਪਤੀਆਂ ਦੀ ਤਾਇਨਾਤੀ ਅਤੇ ਜਾਪਾਨ ਨਾਲ ਉਨ੍ਹਾਂ ਦੇ ਤਿੰਨ ਪੱਖੀ ਸੁਰੱਖਿਆ ਸਹਿਯੋਗ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ’ਤੇ ਖੇਤਰ ਵਿਚ ਤਣਾਅ ਵਧਾਉਣ ਦਾ ਦੋਸ਼ ਲਾਇਆ।