ਗ਼ੈਰ-ਕਾਨੂੰਨੀ ਤੌਰ ’ਤੇ ਚਲਾਈ ਜਾ ਰਹੀ ਸੋਨੇ ਦੀ ਖਾਣ ਢਹੀ
48 ਲੋਕਾਂ ਦੀ ਮੌਤ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ
ਪੱਛਮੀ ਮਾਲੀ ਵਿਚ ਇਕ ਗ਼ੈਰ-ਕਾਨੂੰਨੀ ਤੌਰ ’ਤੇ ਚਲਾਈ ਜਾ ਰਹੀ ਸੋਨੇ ਦੀ ਖਾਣ ਢਹਿ ਜਾਣ ਕਾਰਨ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। ਇਹ ਜਾਣਕਾਰੀ ਚਸ਼ਮਦੀਦਾਂ ਨੇ ਦਿਤੀ ਜੋ ਮਾਮਲੇ ਬਾਰੇ ਲਗਾਤਾਰ ਜਾਣਕਾਰੀ ਰੱਖ ਰਹੇ ਸਨ।
ਇਹ ਦੁਖਾਂਤ ਕਾਏਸ ਖੇਤਰ ਦੇ ਕੇਨੀਬਾ ਜ਼ਿਲ੍ਹੇ ਵਿਚ ਸਥਿਤ ਡਾਬੀਆ ਕਮਿਊਨ ਦੇ ਇਕ ਪਿੰਡ ਬਿਲਾਲਕੋਟੋ ਵਿਚ ਵਾਪਰਿਆ। ਇਕ ਸਥਾਨਕ ਅਧਿਕਾਰੀ ਨੇ ਦਸਿਆ ਕਿ ਇਕ ਕੈਟਰਪਿਲਰ ਮਸ਼ੀਨ ਕਥਿਤ ਤੌਰ ’ਤੇ ਇਕ ਕਾਰੀਗਰ ਖਾਣ ’ਤੇ ਡਿੱਗ ਗਈ, ਜਿੱਥੇ ਔਰਤਾਂ ਦਾ ਇਕ ਸਮੂਹ ਸੋਨੇ ਦੀ ਭਾਲ ਵਿਚ ਕੰਮ ਕਰ ਰਿਹਾ ਸੀ।
ਅਧਿਕਾਰੀ ਅਤੇ ਹੋਰ ਗਵਾਹਾਂ ਨੇ ਪੁਸ਼ਟੀ ਕੀਤੀ ਕਿ 48 ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਲਗਭਗ 10 ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਕੁਝ ਸੂਤਰਾਂ ਨੇ ਲਗਭਗ 50 ਮੌਤਾਂ ਦੀ ਰਿਪੋਰਟ ਦਿਤੀ ਹੈ।
ਹਾਲਾਂਕਿ ਫ਼ਿਲਹਾਲ ਸਹੀ ਗਿਣਤੀ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ ਕਿਉਂਕਿ ਕੁੱਝ ਸੱਟਾਂ ਦੀ ਗੰਭੀਰਤਾ ਕਾਰਨ ਇਹ ਗਿਣਤੀ ਕਿਸੇ ਵੀ ਸਮੇਂ ਵੱਧ ਸਕਦੀ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹਨ।