ਸਿੰਗਾਪੁਰ 'ਚ ਸਿੱਖਾਂ 'ਤੇ ਅਧਿਐਨ ਲਈ ਪ੍ਰੋਫ਼ੈਸਰ ਅਹੁਦੇ ਦੀ ਸਥਾਪਨਾ
ਕੇਂਦਰੀ ਸਿੱਖ ਗੁਰਦੁਆਰਾ ਬੋਰਡ ਨੇ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਨਾਲ ਸਮਝੌਤਾ ਪੱਤਰ 'ਤੇ ਕੀਤੇ ਹਸਤਾਖ਼ਰ
ਸਿੰਗਾਪੁਰ : ਸਿੰਗਾਪੁਰ ਵਿਚ ਸਿੱਖਾਂ ਨੇ ਵਿਸਾਖੀ ਦਾ ਤਿਉਹਾਰ ਦੇਸ਼ ਅਤੇ ਦਖਣ-ਪੂਰਬੀ ਏਸ਼ੀਆ ਵਿਚ ਸਿੱਖ ਪ੍ਰੋਫ਼ੈਸਰਸ਼ਿਪ ਦੀ ਸਥਾਪਨਾ ਨਾਲ ਮਨਾਇਆ | ਇਸ ਪਹਿਲਕਦਮੀ ਦਾ ਉਦੇਸ਼ ਭਾਈਚਾਰਕ ਲੀਡਰਸ਼ਿਪ ਦੀ ਭੂਮਿਕਾ ਵਿਚ ਔਰਤਾਂ ਦੀ ਗਿਣਤੀ ਨੂੰ ਵਧਾਉਣਾ ਹੈ | ਕੇਂਦਰੀ ਸਿੱਖ ਗੁਰਦੁਆਰਾ ਬੋਰਡ (ਸੀਐਸਜੀਬੀ) ਨੇ ਵੀਰਵਾਰ ਨੂੰ ਸਿੱਖਾਂ 'ਤੇ ਅਧਿਐਨ ਲਈ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ ਦੀ ਸਥਾਪਨਾ ਦੇ ਸਬੰਧ 'ਚ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ (ਐਨਯੂਐਸ) ਨਾਲ ਸਮਝੌਤਾ ਪੱਤਰ (ਐਮਓਯੂ) 'ਤੇ ਹਸਤਾਖ਼ਰ ਕੀਤੇ |
ਇਸ ਦਾ ਉਦੇਸ਼ ਸਿੰਗਾਪੁਰ ਅਤੇ ਵਿਦੇਸ਼ਾਂ ਵਿਚ ਸਿੱਖਾਂ 'ਤੇ ਅਧਿਐਨ ਕਰਨ ਲਈ ਅਕਾਦਮਿਕ ਵਜ਼ੀਫ਼ੇ ਨੂੰ ਉਤਸ਼ਾਹਿਤ ਕਰਨਾ ਹੈ | ਇਹ ਸਿੰਗਾਪੁਰ ਅਤੇ ਦਖਣ-ਪੂਰਬੀ ਏਸ਼ੀਆ ਵਿਚ ਸਿੱਖਾਂ 'ਤੇ ਅਧਿਐਨ ਲਈ ਸਥਾਪਤ ਕੀਤਾ ਜਾਣ ਵਾਲਾ ਪਹਿਲਾ ਪ੍ਰੋਫ਼ੈਸਰ ਅਹੁਦਾ ਹੈ | ਸੀਐਸਜੀਬੀ ਨੇ ਕਿਹਾ ਕਿ ਉਹ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ ਲਈ ਬੰਦੋਬਸਤੀ ਫ਼ੰਡ ਲਈ 12 ਲੱਖ ਸਿੰਗਾਪੁਰੀ ਡਾਲਰ ਇਕੱਠੇ ਕਰਨ ਦੇ ਟੀਚੇ 'ਤੇ ਕੰਮ ਕਰ ਰਿਹਾ ਹੈ | ਸਰਕਾਰ ਦੁਆਰਾ ਦਾਨ ਕੀਤੀਆਂ ਗਈਆਂ ਡਾਲਰ-ਦਰ-ਡਾਲਰ ਰਕਮਾਂ ਦਾ ਮੇਲ ਕੀਤਾ ਜਾਵੇਗਾ | ਸੀਨੀਅਰ ਰਖਿਆ ਰਾਜ ਮੰਤਰੀ ਹੇਂਗ ਚੀ ਹਾਉ ਨੇ ਸਿੱਖਾਂ ਵਲੋਂ ਆਯੋਜਤ ਵਿਸਾਖੀ ਦੇ ਜਸ਼ਨਾਂ ਵਿਚ ਸ਼ਿਰਕਤ ਕੀਤੀ ਅਤੇ ਸਮਝੌਤਿਆਂ 'ਤੇ ਦਸਤਖ਼ਤ ਹੋਣ ਦੇ ਗਵਾਹ ਬਣੇ |
'ਫਰਾਈਡੇ ਵੀਕਲੀ ਤਬਲਾ' ਅਨੁਸਾਰ ਇਸ ਪਹਿਲ ਦੇ ਹਿੱਸੇ ਵਜੋਂ, ਐਨਕੌਰ ਵਰਕਿੰਗ ਕਮੇਟੀ' ਉਨ੍ਹਾਂ ਕਾਰਨਾਂ ਦਾ ਅਧਿਐਨ ਕਰੇਗੀ ਜਿਨ੍ਹਾਂ ਨੇ ਸਿੰਗਾਪੁਰ ਵਿਚ ਔਰਤਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਅਤੇ ਸਿੱਖ ਸੰਸਥਾਵਾਂ ਅਤੇ ਪ੍ਰੋਗਰਾਮਾਂ ਵਿਚ ਵਧ ਤੋਂ ਵਧ ਭਾਗੀਦਾਰੀ ਕਰਨ ਤੋਂ ਰੋਕਿਆ ਹੈ | 'ਐਨਕੌਰ ਵਰਕਿੰਗ ਕਮੇਟੀ' ਵੱਖ-ਵੱਖ ਪਿਛੋਕੜਾਂ ਦੀਆਂ 21 ਸਿੱਖ ਔਰਤਾਂ ਦਾ ਪੈਨਲ ਹੈ |
ਸਿੱਖ ਸਲਾਹਕਾਰ ਬੋਰਡ ਦੇ ਚੇਅਰਮੈਨ ਅਤੇ ਐਨਕੌਰ ਰਿਸਰਚ ਦੇ ਪ੍ਰਮੋਟਰ ਮਲਮਿੰਦਰਜੀਤ ਸਿੰਘ ਨੇ ਕਿਹਾ, ''ਇਤਿਹਾਸਕ ਤੌਰ 'ਤੇ ਖ਼ਾਲਸਾ ਦੇ ਨਿਰਮਾਣ ਦੇ ਪ੍ਰਤੀਕ ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਦਾ ਉਦੇਸ਼ ਇਕ ਅਜਿਹੇ ਬਰਾਬਰੀ ਵਾਲੇ ਸਮਾਜ ਦੀ ਸਥਾਪਨਾ ਕਰਨਾ ਸੀ ਜੋ ਜਾਤ, ਨਸਲ, ਵਰਗ ਜਾਂ ਲਿੰਗ ਤੋਂ ਮੁਕਤ ਹੋਵੇ |'' ਉਨ੍ਹਾਂ ਕਿਹਾ,''ਸਿੱਖ ਸਲਾਹਕਾਰ ਬੋਰਡ ਇਸ ਸਾਲ ਵਿਸਾਖੀ ਮੌਕੇ ਐਨਕੌਰ ਪਹਿਲਕਦਮੀ ਸ਼ੁਰੂ ਕਰ ਕੇ ਬਹੁਤ ਖ਼ੁਸ਼ ਹੈ ਤਾਂ ਜੋ ਸਿੱਖ ਔਰਤਾਂ ਨੂੰ ਸਿੰਗਾਪੁਰ ਵਿਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦੇ ਹੋਰ ਮੌਕੇ ਮਿਲ ਸਕਣ |''