ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਨੂੰ ਬਿਹਤਰ ਮਾਹੌਲ ਮੁਹੱਈਆ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ : ਭਾਰਤੀ-ਅਮਰੀਕੀ ਅਕਾਦਮਿਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ-ਅਮਰੀਕੀ ਅਕਾਦਮਿਕ ਨੇ ਕਿਹਾ ਅਪਰਾਧ ਨਫ਼ਰਤੀ ਹਿੰਸਾ ਤੋਂ ਪ੍ਰੇਰਿਤ ਨਹੀਂ ਲਗਦੇ

Gurdeep Singh

ਵਾਸ਼ਿੰਗਟਨ: ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬਿਹਤਰ ਮਾਹੌਲ ਮੁਹੱਈਆ ਕਰਵਾਉਣ ਅਮਰੀਕਾ ਲਈ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਿਹਾ ਹੈ। ਇਕ ਪ੍ਰਮੁੱਖ ਭਾਰਤੀ-ਅਮਰੀਕੀ ਅਕਾਦਮਿਕ ਨੇ ਸੋਮਵਾਰ ਨੂੰ ਇਹ ਗੱਲ ਉਨ੍ਹਾਂ ਰੀਪੋਰਟਾਂ ਦੇ ਵਿਚਕਾਰ ਕਹੀ ਕਿ ਇਸ ਸਾਲ ਭਾਰਤੀ ਮੂਲ ਦੇ ਜਾਂ ਭਾਰਤ ਤੋਂ ਆਏ 11 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਅਮਰੀਕਾ ਵਿਚ ਭਾਰਤੀਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਨੇ ਭਾਰਤੀ ਭਾਈਚਾਰੇ ਅਤੇ ਭਾਰਤ ਵਿਚ ਰਹਿ ਰਹੇ ਵਿਦਿਆਰਥੀਆਂ ਦੇ ਪਰਵਾਰਾਂ ਵਿਚ ਚਿੰਤਾ ਪੈਦਾ ਕਰ ਦਿਤੀ ਹੈ।

ਅਮਰੀਕਾ ਵਿਚ ਹੋਈਆਂ ਮੌਤਾਂ ਪਿੱਛੇ ਹਮਲਾਵਰਾਂ ਦਾ ਮਕਸਦ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਨੇ ਵਿਦਿਆਰਥੀਆਂ ਤਕ ਪਹੁੰਚ ਕਰਨੀ ਸ਼ੁਰੂ ਕਰ ਦਿਤੀ ਹੈ। ਇਸ ’ਚ ਵਿਦਿਆਰਥੀ ਯੂਨੀਅਨਾਂ ਨਾਲ ਸੰਪਰਕ ਕਰਨਾ ਅਤੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ’ਤੇ ਜਾਰੀ ਕੀਤੀਆਂ ਹਦਾਇਤਾਂ ਤੋਂ ਜਾਣੂ ਕਰਵਾਉਣਾ ਸ਼ਾਮਲ ਹੈ। 

ਵਰਜੀਨੀਆ ਦੀ ਜਾਰਜ ਮੇਸਨ ਯੂਨੀਵਰਸਿਟੀ ਦੇ ਸਕੂਲ ਆਫ ਕੰਪਿਊਟਿੰਗ ਦੇ ਡਿਵੀਜ਼ਨਲ ਡੀਨ ਗੁਰਦੀਪ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ, ‘‘ਇਹ ਮੰਦਭਾਗਾ ਹੈ ਕਿ ਇਸ ਸਾਲ ਇੰਨੀ ਵੱਡੀ ਗਿਣਤੀ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਇਸ ਲਈ ਮਾਪਿਆਂ ਦਾ ਚਿੰਤਤ ਹੋਣਾ ਸੁਭਾਵਕ ਹੈ। ਮੇਰਾ ਮਤਲਬ ਹੈ ਕਿ ਜੇ ਮੈਂ ਇਕ ਪਿਤਾ ਹਾਂ ਅਤੇ ਮੇਰਾ ਬੱਚਾ ਕਿਸੇ ਵੱਖਰੇ ਦੇਸ਼ ’ਚ ਹੈ ਜਿੱਥੇ ਇਹ ਚੀਜ਼ਾਂ ਹੋ ਰਹੀਆਂ ਹਨ, ਤਾਂ ਮੈਂ ਨਿਸ਼ਚਤ ਤੌਰ ’ਤੇ ਇਸ ਬਾਰੇ ਵੀ ਚਿੰਤਤ ਹੋਵਾਂਗਾ। ਪਰ ਜੋ ਮੈਂ ਵੇਖ ਰਿਹਾ ਹਾਂ ਉਹ ਇਹ ਹੈ ਕਿ ਮੈਨੂੰ ਇਹ ਮੰਨਣ ਦਾ ਕੋਈ ਕਾਰਨ ਜਾਂ ਮੁੱਦਾ ਨਜ਼ਰ ਨਹੀਂ ਆਉਂਦਾ ਕਿ ਇਹ ਅਪਰਾਧ ਨਫ਼ਰਤ ਤੋਂ ਪ੍ਰੇਰਿਤ ਹੋ ਸਕਦੇ ਹਨ।’’

ਗੁਰਦੀਪ ਸਿੰਘ ਨੇ ਕਿਹਾ, ‘‘ਮੈਂ ਵਧੇਰੇ ਚਿੰਤਤ ਹੁੰਦਾ ਜੇ ਇਹ ਇਕ ਯੂਨੀਵਰਸਿਟੀ ’ਚ ਵਾਪਰਿਆ ਹੁੰਦਾ ਅਤੇ ਲਗਾਤਾਰ ਤਿੰਨ ਜਾਂ ਚਾਰ ਘਟਨਾਵਾਂ ਵਾਪਰਦੀਆਂ, ਤਾਂ ਘਟਨਾ ਦਾ ਮਕਸਦ ਸਾਹਮਣੇ ਆ ਜਾਂਦਾ। ਪਰ, ਘੱਟੋ-ਘੱਟ ਮੇਰੀ ਜਾਣਕਾਰੀ ਅਨੁਸਾਰ, ਮੈਨੂੰ ਨਫ਼ਰਤੀ ਅਪਰਾਧਾਂ ਜਾਂ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।’’ 

ਗੁਰਦੀਪ ਸਿੰਘ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਵਧੇਰੇ ਸਾਵਧਾਨ ਅਤੇ ਚੌਕਸ ਰਹਿਣ ਦੀ ਜ਼ਰੂਰਤ ਹੈ। ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੀ ‘ਓਪਨ ਡੋਰਸ ਰੀਪੋਰਟ’ ਮੁਤਾਬਕ ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2014-15 ’ਚ 1,32,888 ਤੋਂ ਤਿੰਨ ਗੁਣਾ ਵਧ ਕੇ 2024 ’ਚ 3,53,803 ਹੋ ਗਈ ਹੈ।