ਨਿਊਜ਼ੀਲੈਂਡ ਦੀਆਂ ਜੇਲਾਂ 'ਚ ਸਮਰਥਾ ਤੋਂ ਵੱਧ ਕੈਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵਿਆਂ ਨੂੰ ਰੱਖਣ ਦਾ ਫ਼ਿਕਰ ਪਿਆ

Auckland Jails

ਆਕਲੈਂਡ, 15 ਮਈ (ਹਰਜਿੰਦਰ ਸਿੰਘ ਬਸਿਆਲਾ) : ਜਿਥੇ ਫੁਲ ਉਥੇ ਕੰਡੇ ਅਕਸਰ ਸੁਣੀਦੇ ਹਨ, ਪਰ ਕਈ ਵਾਰ ਇਹ ਕੰਡੇ ਬੂਟੇ ਦੀ ਰਖਵਾਲੀ ਕਰਨ ਦੀ ਬਜਾਏ ਬੂਟਾ ਹੀ ਛਿੱਲ ਛਡਦੇ ਜਿਸ ਕਾਰਨ ਬਾਗ਼ ਦੇ ਮਾਲੀ ਦਾ ਦੁਖੀ ਹੋਣਾ ਕੁਦਰਤੀ ਹੈ। ਨਿਊਜ਼ੀਲੈਂਡ ਵੀ ਇਕ ਸੋਹਣਾ ਬੂਟਾ ਸੀ, ਪਰ ਇਥੇ ਵਧਦੇ ਅਪਰਾਧ ਨੇ ਜਿਥੇ ਨਿਊਜ਼ੀਲੈਂਡਰਾਂ ਦਾ ਜੀਵਨ ਕਿਰਕਿਰਾ ਕੀਤਾ ਹੈ, ਉਥੇ ਦੇਸ਼ ਚਲਾਉਣ ਵਾਲੀਆਂ ਸਰਕਾਰਾਂ ਵੀ ਔਖੀਆਂ ਹਨ। ਹੁਣ ਇਕ ਰੀਪੋਰਟ ਆਈ ਹੈ ਕਿ ਦੇਸ਼ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਜੇਲਾਂ ਭਰ ਚੁੱਕੀਆਂ ਹਨ। ਪੂਰੇ ਦੇਸ਼ ਵਿਚ 10,942 ਕੈਦੀਆਂ ਨੂੰ ਰੱਖਣ ਦੀ ਥਾਂ ਰਜਿਸਟਰ ਹੈ ਅਤੇ ਇਸ ਵੇਲੇ ਇਹ ਸੰਖਿਆ ਬਿਲਕੁਲ ਨੇੜੇ 10,492 ਤਕ ਜਾ ਚੁਕੀ ਹੈ।ਇਸ ਦੀ ਗਿਣਤੀ ਰੋਜ਼ਾਨਾ ਅਦਾਲਤੀ ਫ਼ੈਸਲਿਆਂ ਦੇ ਨਾਲ-ਨਾਲ ਵਧਦੀ ਜਾ ਰਹੀ ਹੈ। ਮਈ ਮਹੀਨੇ ਦੇ ਵਿਚ ਇਕ ਦਿਨ ਇਹ ਗਿਣਤੀ 10,570 ਵੀ ਨੋਟ ਕੀਤੀ ਗਈ ਹੈ। ਦਿਨ-ਬ-ਦਿਨ ਇਹ ਗਿਣਤੀ ਥੋੜੀ ਘਟਦੀ ਵਧਦੀ ਰਹਿੰਦੀ ਹੈ।

ਬਹੁਤ ਸਾਰੀਆਂ ਜੇਲਾਂ ਦੇ ਵਿਚ ਇਹ ਸਮਰੱਥਾ ਇਕ ਬੈਡ ਨੂੰ ਡਬਲ ਬੰਕਿੰਗ ਬੈਡ ਦੇ ਵਿਚ ਤਬਦੀਲ ਕਰਕੇ ਬਣਾਈ ਗਈ ਸੀ, ਪਰ ਇਥੇ ਵੀ ਇਕ ਦੂਜੇ ਕੈਦੀ ਉਤੇ ਜਿਨਸੀ ਹਮਲੇ ਹੋ ਰਹੇ ਹਨ। ਤਕੜਾ ਮਾੜੇ ਨਾਲ ਕੁਕਰਮ ਕਰ ਜਾਂਦਾ ਹੈ।2016 ਦੇ ਬਾਅਦ ਕੈਦੀਆਂ ਦੀ ਗਿਣਤੀ 10,000 ਤੋਂ ਉਪਰ ਟੱਪੀ ਸੀ। 2015 ਤੋਂ ਬਾਅਦ ਕੈਦੀਆਂ ਦੀ ਗਿਣਤੀ 'ਚ 20% ਦਾ ਵਾਧਾ ਹੋਇਆ ਹੈ। ਨੈਸ਼ਨਲ ਸਰਕਾਰ ਵੇਲੇ ਇਕ ਨਵੀਂ ਜੇਲ, ਜੋਕਿ 3000 ਬੈਡਾਂ ਵਾਲੀ ਹੋਣੀ ਸੀ, ਨੂੰ ਬਣਾਉਣ ਦੀ ਗੱਲ ਚੱਲੀ ਸੀ, ਪਰ ਮੌਜੂਦਾ ਸਰਕਾਰ ਨੇ ਅਜੇ ਇਸ ਉਤੇ ਜ਼ਿਆਦਾ ਕੰਮ ਨਹੀਂ ਕੀਤਾ। ਇਹ ਸਰਕਾਰ ਆਉਂਦੇ 15 ਸਾਲਾਂ ਵਿਚ ਕੈਦੀਆਂ ਦੀ ਗਿਣਤੀ 30% ਘੱਟ ਕਰਨਾ ਚਾਹੁੰਦੀ ਹੈ।ਕ੍ਰਾਈਸਟਚਰਚ ਜੇਲ ਵਿਚ 944 ਮਰਦ ਕੈਦੀ ਹਨ ਜਦ ਕਿ ਸਮਰੱਥਾ 940 ਦੀ ਹੈ। ਇਥੇ ਔਰਤਾਂ ਲਈ ਸਿਰਫ਼ ਇਕ ਹੋਰ ਥਾਂ ਖਾਲੀ ਹੈ, ਬਾਕੀ ਭਰ ਗਈ ਹੈ। ਆਕਲੈਂਡ ਸਾਊਥ ਵਿਚ ਸਿਰਫ਼ ਦੋ ਹੋਰ ਕੈਦੀਆਂ ਦੀ ਥਾਂ ਖਾਲੀ ਹੈ। ਮਾਊਂਟ ਈਡਨ ਜੇਲ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।