'ਜਹਾਜ਼ ਦੇ ਪਾਇਲਟ ਨੇ ਜਾਣਬੁੱਝ ਕੇ ਜਹਾਜ਼ ਕਰੈਸ਼ ਕਰਵਾਇਆ ਸੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਲੇਸ਼ੀਆਈ ਜਹਾਜ਼ ਐਮ.ਐਚ370 ਦੀ ਜਾਂਚ ਟੀਮ ਦੇ ਮਾਹਰਾਂ ਨੇ ਕੀਤਾ ਹੈਰਾਨੀਜਨਕ ਪ੍ਰਗਟਾਵਾ

Malaysia Airlines

ਕੁਆਲਾਲੰਪੁਰ,  ਮਲੇਸ਼ੀਆ ਜਹਾਜ਼ ਐਮ.ਐਚ370, ਜੋ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਸੀ, ਹੁਣ ਉਸ ਨਾਲ ਜੁੜਿਆ ਵੱਡਾ ਪ੍ਰਗਟਾਵਾ ਹੋਇਆ ਹੈ। ਜਹਾਜ਼ ਨੂੰ ਲੱਭਣ ਦੀ ਜਾਂਚ 'ਚ ਲੱਗੀ ਸੁਰੱਖਿਆ ਮਾਹਰਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਦੇ ਪਾਇਲਟ ਨੇ ਜਾਣਬੁੱਝ ਕੇ ਜਹਾਜ਼ ਕਰੈਸ਼ ਕਰਵਾਇਆ ਸੀ। ਮਾਹਰਾਂ ਦੇ ਪੈਨਲ 'ਚ ਉਸ ਵਿਅਕਤੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜਿਸ ਨੇ ਜਹਾਜ਼ ਦੀ ਖੋਜ ਵਿਚ ਆਪਣੀ ਜ਼ਿੰਦਗੀ ਦੇ ਦੋ ਸਾਲ ਲਗਾ ਦਿਤੇ।ਜਾਂਚ ਦੇ ਮੁਖੀ ਮਾਰਟਿਨ ਡੋਲਨ ਨੇ ਕਿਹਾ ਕਿ ਇਹ ਸਭ ਸੋਚੀ-ਸਮਝੀ ਸਾਜਸ਼ ਸੀ, ਜਿਸ ਲਈ ਪੂਰੀ ਯੋਜਨਾ ਹੋਈ ਸੀ। ਮਾਹਰ ਮੰਨਦੇ ਹਨ ਕਿ ਜਹਾਜ਼ ਦੇ ਪਾਇਲਟ ਕੈਪਟਨ ਜ਼ਾਹਰੇ ਅਮਿਦ ਸ਼ਾਹ ਨੇ ਜਾਣਬੁੱਝ ਕੇ ਅਪਣੇ ਨਾਲ ਅਜਿਹੇ ਪਾਇਲਟ ਨੂੰ ਰੱਖਿਆ ਸੀ, ਜਿਸ ਕੋਲ ਦੋ ਇੰਜਣ ਵਾਲਾ ਵੱਡਾ ਜਹਾਜ਼ ਉਡਾਉਣ ਦਾ ਕੋਈ ਅਨੁਭਵ ਨਹੀਂ ਸੀ।

ਡੋਲਨ ਮੁਤਾਬਕ ਉਨ੍ਹਾਂ ਨੂੰ ਅਜਿਹੇ ਸਬੂਤ ਮਿਲੇ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਜ਼ਾਹਰੇ ਨੇ ਫਲਾਈਟ ਸਾਫ਼ਟਵੇਅਰ 'ਚ ਛੇੜਛਾੜ ਕਰ ਕੇ ਉਸ ਨੂੰ ਰਸਤੇ ਤੋਂ ਭਟਕਾਇਆ ਸੀ। ਇਸ ਜਹਾਜ਼ 'ਚ ਚੀਨੀ ਯਾਤਰੀਆਂ ਤੋਂ ਇਲਾਵਾ ਆਸਟ੍ਰੇਲੀਆਈ ਯਾਤਰੀ ਵੀ ਸਵਾਰ ਸਨ। ਆਸਟ੍ਰੇਲੀਅਨ ਟਰਾਂਸਪੋਰਟ ਸੇਫ਼ਟੀ ਬਿਊਰੋ ਨੇ ਜਹਾਜ਼ ਦੀ ਭਾਲ 'ਚ ਮਦਦ ਕੀਤੀ ਪਰ ਸਾਲ 2017 ਵਿਚ ਇਸ ਖੋਜ ਨੂੰ ਬੰਦ ਕਰ ਦਿਤਾ ਗਿਆ ਸੀ। ਡੋਲਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜਹਾਜ਼ ਨੂੰ ਕਰੈਸ਼ ਕਰਨ ਪਿੱਛੇ ਕਿਸੇ ਅਤਿਵਾਦੀ ਸੰਗਠਨ ਦਾ ਹੱਥ ਰਿਹਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਹੁਣ ਤਕ ਕੋਈ ਸੰਗਠਨ ਇਸ ਦੀ ਜ਼ਿੰਮੇਵਾਰੀ ਲੈ ਚੁੱਕਾ ਹੁੰਦਾ।ਦੱਸਣਯੋਗ ਹੈ ਕਿ 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਮਲੇਸ਼ੀਅਨ ਏਅਰਲਾਈਨਜ਼ ਦਾ ਜਹਾਜ਼ ਰਾਹ 'ਚ ਹੀ ਗ਼ਾਇਬ ਹੋ ਗਿਆ ਸੀ। ਜਹਾਜ਼ ਵਿਚ ਕੁਲ 239 ਯਾਤਰੀ ਸਵਾਰ ਸਨ। (ਏਜੰਸੀ)