ਗਾਜ਼ਾ 'ਚ ਹਿੰਸਾ ਲਈ ਅਮਰੀਕਾ ਨੇ ਹਮਾਸ ਨੂੰ ਜ਼ਿੰਮੇਵਾਰ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਜ਼ਰਾਇਲੀ ਗੋਲੀਬਾਰੀ 'ਚ ਮ੍ਰਿਤਕਾਂ ਦੀ ਗਿਣਤੀ 59 ਹੋਈ

Donald Trump

ਵਾਸ਼ਿੰਗਟਨ, ਅਮਰੀਕਾ ਨੇ ਗਾਜ਼ਾ 'ਚ ਫਿਰ ਹੋਈ ਹਿੰਸਾ ਲਈ ਫ਼ਲਸਤੀਨੀ ਸੰਗਠਨ ਹਮਾਸ ਨੂੰ ਜ਼ਿੰਮੇਵਾਰ ਦਸਿਆ ਹੈ। ਉਥੇ ਹੀ ਯਰੂਸ਼ਲਮ 'ਚ ਅਮਰੀਕਾ ਦੇ ਨਵੇਂ ਸਫ਼ਾਰਤਖ਼ਾਨੇ ਦੇ ਵਿਰੋਧ 'ਚ ਇਜ਼ਰਾਇਲੀ ਗੋਲੀਬਾਰੀ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ। ਵ੍ਹਾਈਟ ਹਾਊਸ ਦੇ ਉਪ ਪ੍ਰੈਸ ਸਕੱਤਰ ਰਾਜ ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀ ਗਾਜ਼ਾ 'ਚ ਹਿੰਸਕ ਘਟਨਾਵਾਂ ਤੋਂ ਦੁਖੀ ਹਾਂ। ਇਨ੍ਹਾਂ ਮੌਤਾਂ ਲਈ ਹਮਾਸ ਜ਼ਿੰਮੇਵਾਰ ਹੈ। ਹਮਾਸ ਨੇ ਜਾਣਬੁੱਝ ਕੇ ਹਿੰਸਾ ਭੜਕਾਈ ਹੈ।'' ਸ਼ਾਹ ਨੇ ਕਿਹਾ ਕਿ ਜਿਵੇਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨੇ ਕਿਹਾ ਹੈ ਕਿ ਇਜ਼ਰਾਇਲ ਨੂੰ ਬਚਾਅ ਦਾ ਅਧਿਕਾਰ ਹੈ।ਜ਼ਿਕਰਯੋਗ ਹੈ ਕਿ ਤੇਲ ਅਵੀਵ ਤੋਂ ਯਰੂਸ਼ਲਮ 'ਚ ਅਮਰੀਕੀ ਸਫ਼ਾਰਤਖ਼ਾਨਾ ਸ਼ਿਫ਼ਟ ਕੀਤੇ ਜਾਣ 'ਤੇ ਗਾਜ਼ਾ-ਇਜ਼ਰਾਇਲੀ ਸਰਹੱਦ 'ਤੇ ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਭਾਰੀ ਵਿਰੋਧ

ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਇਜ਼ਰਾਇਲੀ ਫ਼ੌਜ ਵਲੋਂ ਕੀਤੀ ਗਈ ਗੋਲੀਬਾਰੀ 'ਚ 59 ਲੋਕ ਮਾਰੇ ਗਏ ਅਤੇ 2700 ਜ਼ਖ਼ਮੀ ਹੋਏ ਹਨ। ਇਨ੍ਹਾਂ 'ਚ ਘੱਟੋ-ਘੱਟ 200 ਲੋਕ 18 ਸਾਲ ਤੋਂ ਘੱਟ ਉਮਰ ਅਤੇ 11 ਪੱਤਰਕਾਰ ਸ਼ਾਮਲ ਹਨ। ਫ਼ਲਸਤੀਨੀ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜੇ ਅਤੇ ਇਜ਼ਰਾਇਲੀ ਫ਼ੌਜੀਆਂ 'ਤੇ ਪੱਥਰਬਾਜ਼ੀ ਕੀਤੀ।ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲ ਤਟੀ ਇਨਕਲੇਵ ਦੇ ਸੱਤਾਧਾਰੀ ਹਮਾਸ ਸੰਗਠਨ ਵਿਰੁਧ ਅਪਣੇ ਦੇਸ਼ ਦੀ ਸੁਰੱਖਿਆ ਦਾ ਕੰਮ ਕਰ ਰਿਹਾ ਸੀ। (ਪੀਟੀਆਈ)