300 ਭਾਰਤੀਆਂ ਨਾਲ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਅਮਰੀਕਾ ਤੋਂ ਹੈਦਰਾਬਾਦ ਲਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਵਿਡ-19 ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੇ ਚੱਲਦੇ ਅਮਰੀਕਾ ਵਿਚ ਫਸੇ 300 ਤੋਂ ਵਧੇਰੇ ਭਾਰਤੀ ਨਾਗਰਿਕ

File Photo

ਨਿਊਯਾਰਕ, 15 ਮਈ : ਕੋਵਿਡ-19 ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਦੇ ਚੱਲਦੇ ਅਮਰੀਕਾ ਵਿਚ ਫਸੇ 300 ਤੋਂ ਵਧੇਰੇ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਪਰਤ ਰਹੇ ਹਨ, ਜਿਹਨਾਂ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਾਬਕਾ ਪ੍ਰਤੀਨਿਧ ਸੈਯਦ ਅਕਬਰੂਦੀਨ ਵੀ ਸ਼ਾਮਲ ਹਨ। ਅਮਰੀਕਾ ਤੋਂ 6ਵੀਂ ਤੇ ਨਿਊ ਜਰਸੀ ਸ਼ਹਿਰ ਤੋਂ ਦੂਜੇ ਉਡਾਣ ਨਾਲ ਭਾਰਤ ਵਾਪਸ ਆ ਰਹੇ ਯਾਤਰੀਆਂ ਨੂੰ ਨਵੀਂ ਦਿੱਲੀ ਤੇ ਹੈਦਰਾਬਾਦ ਲਿਜਾਇਆ ਜਾਵੇਗਾ।

ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਏਅਰ ਇੰਡੀਆ ਨੇ ਅਮਰੀਕਾ ਤੇ ਭਾਰਤ ਦੇ ਵਿਚਾਲੇ 9 ਤੋਂ 15 ਮਈ ਤਕ 7 ਗ਼ੈਰ-ਨਿਰਧਾਰਿਤ ਵਿਸ਼ੇਸ਼ ਉਡਾਣਾਂ ਤੈਅ ਕੀਤੀਆਂ ਸਨ। ਨਿਊ ਜਰਸੀ ਦੇ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ/ਹੈਦਰਾਬਾਦ ਜਾਣ ਵਾਲੇ, ਏਅਰ ਇੰਡੀਆ ਦੇ ਜਹਾਜ਼ ਨੇ 300 ਤੋਂ ਵਧੇਰੇ ਯਾਤਰੀਆਂ ਦੇ ਨਾਲ 14 ਮਈ ਨੂੰ ਉਡਾਣ ਭਰੀ। ਅਮਰੀਕਾ ਤੋਂ ਭਾਰਤ ਵਲ ਆ ਰਹੀ ਇਹ 6ਵੀਂ ਗੈਰ-ਨਿਰਧਾਰਿਤ ਵਿਸ਼ੇਸ਼ ਉਡਾਣ ਹੈ। ਸਾਨ ਫ੍ਰਾਂਸਿਸਕੋ ਤੋਂ ਮੁੰਬਈ ਤੇ ਹੈਦਰਾਬਾਦ ਦੇ ਲਈ ਸਨਿਚਰਵਾਰ ਨੂੰ ਪਹਿਲੇ ਜਹਾਜ਼ ਨੇ ਉਡਾਣ ਭਰੀ ਸੀ।

ਅਕਬਰੂਦੀਨ 30 ਅਪ੍ਰੈਲ ਨੂੰ ਸੇਵਾਮੁਕਤ ਹੋ ਗਏ ਸਨ ਤੇ ਉਹ 14 ਮਈ ਦੀ ਉਡਾਣ ਰਾਹੀਂ ਨੇਵਾਰਕ ਤੋਂ ਹੈਦਰਾਬਾਦ ਵਾਪਸ ਆ ਰਹੇ ਹਨ। ਅਕਬਰੂਦੀਨ ਨੇ ਵੰਦੇ ਭਾਰਤ ਮਿਸ਼ਨ ਹੈਸ਼ ਟੈਗ ਦੇ ਨਾਲ ਏਅਰ ਇੰਡੀਆ ਜਹਾਜ਼ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਜਿਥੇ ਦਿਲ ਹੈ ਉਥੇ ਹੀ ਘਰ ਹੈ।  (ਪੀਟੀਆਈ)