Mouthwash ਨਾਲ ਮਰ ਸਕਦਾ ਹੈ Coronavirus, Study ਤੋਂ ਬਾਅਦ ਵਿਗਿਆਨਕਾਂ ਨੇ ਕਿਹਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਮੈਡੀਕਲ ਵਿਗਿਆਨੀਆਂ ਦੀ ਇਕ ਅੰਤਰਰਾਸ਼ਟਰੀ ਟੀਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਊਥਵਾਸ਼ ਵਿਚ ਕੋਰੋਨਾ ਵਾਇਰਸ ਨੂੰ ਮਾਰਨ ਦੀ ਸਮਰੱਥਾ ਹੈ।

Photo

ਨਵੀਂ ਦਿੱਲੀ: ਮੈਡੀਕਲ ਵਿਗਿਆਨੀਆਂ ਦੀ ਇਕ ਅੰਤਰਰਾਸ਼ਟਰੀ ਟੀਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਊਥਵਾਸ਼ ਵਿਚ ਕੋਰੋਨਾ ਵਾਇਰਸ ਨੂੰ ਮਾਰਨ ਦੀ ਸਮਰੱਥਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰੀਰ ਦੇ ਸੈੱਲਾਂ ਨੂੰ ਸੰਕਰਮਿਤ ਕਰਨ ਤੋਂ ਪਹਿਲਾਂ ਹੀ ਮਾਊਥਵਾਸ਼ ਵਾਇਰਸ ਨੂੰ ਮਾਰ ਕੇ ਕੋਵਿਡ -19 ਤੋਂ ਬਚਾ ਸਕਦਾ ਹੈ। ਹਾਲਾਂਕਿ ਡਬਲਯੂਐਚਓ ਨੇ ਇਸ ਤੋਂ ਪਹਿਲਾਂ ਮਾਊਥਵਾਸ਼ ਬਾਰੇ ਅਲੱਗ ਰਾਏ ਦਿੱਤੀ ਸੀ।

WHO ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਫਿਲਹਾਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮਾਊਥਵਾਸ਼ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਪਰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਫੰਕਸ਼ਨ ਮੈਗਜ਼ੀਨ ਵਿਚ ਪ੍ਰਕਾਸ਼ਤ ਇਕ ਅਧਿਐਨ ਅਨੁਸਾਰ ਮਾਊਥਵਾਸ਼ ਵਿਚ ਵਾਇਰਸ ਨੂੰ ਮਾਰਨ ਦੀ ਸਮਰੱਥਾ ਹੈ ਅਤੇ ਇਸ ਨੂੰ ਲੈ ਕੇ ਕਲੀਨਿਕਲ ਟਰਾਇਲ ਬਹੁਤ ਜ਼ਰੂਰੀ ਹੈ।

ਬ੍ਰਿਟੇਨ ਦੀ ਕਾਰਡਿਫ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਫੰਕਸ਼ਨ ਵਿਚ ਇਕ ਅਧਿਐਨ ਪ੍ਰਕਾਸ਼ਤ ਕੀਤਾ ਹੈ। ਖੋਜਕਰਤਾਵਾਂ ਦੀ ਟੀਮ ਨੂੰ ਕਾਰਡਿਫ ਯੂਨੀਵਰਸਿਟੀ ਦੇ ਵਾਇਰਲੋਜਿਸਟਾਂ ਦੇ ਨਾਲ ਨਾਲ ਨਾਟਿੰਘਮ, ਕੋਲੋਰਾਡੋ, ਓਟਵਾ, ਬਾਰਸੀਲੋਨਾ ਸਮੇਤ ਹੋਰ ਯੂਨੀਵਰਸਿਟੀਆਂ ਦੇ ਮਾਹਰਾਂ ਦਾ ਵੀ ਸਮਰਥਨ ਮਿਲਿਆ ਸੀ।

ਹਾਲਾਂਕਿ ਖੋਜਕਰਤਾਵਾਂ ਨੇ ਇਹ ਨਹੀਂ ਕਿਹਾ ਹੈ ਕਿ ਫਿਲਹਾਲ ਬਜ਼ਾਰ ਵਿਚ ਮੌਜੂਦ ਮਾਊਥਵਾਸ਼ ਕੋਰੋਨਾ ਤੋਂ ਬਚਾ ਸਕਦਾ ਹੈ ਪਰ ਇਸ ਨੂੰ ਲੈ ਕੇ ਅੱਗੇ ਖੋਜ ਕਰਨੀ ਲਾਭਦਾਇਕ ਹੋ ਸਕਦੀ ਹੈ। ਦਰਅਸਲ ਕੋਰੋਨਾ ਵਾਇਰਸ 'Enveloped Viruses' ਦੀ ਕਲਾਸ ਨਾਲ ਸਬੰਧਤ ਹੈ। ਇਸ ਦਾ ਅਰਥ ਹੈ ਕਿ ਇਹ ਇਕ ਪਰਤ ਨਾਲ ਢੱਕਿਆ ਹੋਇਆ ਹੈ। ਇਹ ਪਰਤ ਕੁਝ ਖ਼ਾਸ ਕਿਸਮਾਂ ਦੇ ਰਸਾਇਣ ਨਾਲ ਨਸ਼ਟ ਹੋ ਜਾਂਦੀ ਹੈ।

ਪ੍ਰਯੋਗ ਵਿਚ ਪਾਇਆ ਗਿਆ ਕਿ ਕੁਝ ਮਾਊਥਵਾਸ਼ ਵਿਚ ਅਜਿਹੇ ਤੱਤ ਹੁੰਦੇ ਹਨ ਜੋ Enveloped Viruses ਦੀ ਬਾਹਰੀ ਪਰਤ ਨੂੰ ਖਤਮ ਕਰ ਦਿੰਦੇ ਹਨ। 
ਖੋਜ ਅਨੁਸਾਰ ਦੰਦਾਂ ਨੂੰ ਸਾਫ ਕਰਨ ਲਈ ਵਰਤੇ ਜਾਣ ਵਾਲੇ ਮਾਊਥਵਾਸ਼ ਵਿਚ Chlorhexidine, Cetylpyridinium Chloride, Hydrogen Peroxide ਅਤੇ Povidone-Iodine ਆਦਿ ਕੈਮੀਕਲ ਹੁੰਦੇ ਹਨ। ਖੋਜ ਮੁਤਾਬਕ ਇਹਨਾਂ ਕੈਮੀਕਲ ਵਿਚ ਸੰਕਰਮਣ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ।