ਭਾਰਤ-ਅਮਰੀਕਾ ਨੂੰ ਪਹਿਲਾਂ ਨਾਲੋਂ ਵੱਧ ਸਹਿਯੋਗ ਦੇਣ ਦੀ ਲੋੜ : ਤਰਨਜੀਤ ਸਿੰਘ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਭਾਰਤ-ਅਮਰੀਕਾ ਦੇ ਮਜ਼ਬੂਤ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।

File Photo

ਵਾਸ਼ਿੰਗਟਨ, 15 ਮਈ : ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਭਾਰਤ-ਅਮਰੀਕਾ ਦੇ ਮਜ਼ਬੂਤ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ। ਤਰਨਜੀਤ ਸਿੰਘ ਸੰਧੂ ਨੇ ਮਸ਼ਹੂਰ ਭਾਰਤੀ-ਅਮਰੀਕੀ ਵਿਗਿਆਨੀਆਂ ਦੇ ਨਾਲ ਵੀਰਵਾਰ ਨੂੰ ਨੂੰ ਹੋਈ ਆਨਲਾਈਨ ਗੱਲਬਾਤ ਦੌਰਾਨ ਕਿਹਾ, ''ਕੋਵਿਡ-19 ਨੇ ਸਾਨੂੰ ਪਹਿਲਾਂ ਤੋਂ ਵੱਧ ਸਹਿਯੋਗ ਦੀ ਲੋੜ ਨੂੰ ਪਛਾਨਣ ਦਾ ਮੌਕਾ ਦਿਤਾ ਹੈ।

ਉਹਨਾਂ ਨੇ ਕਿਹਾ,''ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਗਲੋਬਲ ਤਾਲਮੇਲ ਪ੍ਰਤਿਕਿਰਿਆ 'ਤੇ ਜ਼ੋਰ ਦਿਤਾ ਹੈ ਕਿਉਂਕਿ ਅਸੀਂ ਇਸ ਸੰਕਟ ਨਾਲ ਨਜਿੱਠਣ ਲਈ ਆਪਣੀਆਂ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ।'' ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਸਿਹਤ ਵਿਗਿਆਨ ਅਤੇ ਤਕਨਾਲੋਜੀ ਵਿਚ ਅਮਰੀਕਾ ਅਤੇ ਭਾਰਤ ਦੀ ਹਿੱਸੇਦਾਰੀ ਬਹੁਤ ਪੁਰਾਣੀ ਹੈ।

ਸੰਧੂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਖੋਜ ਅਤੇ ਨਵੀਨੀਕਰਨ ਸੰਸਥਾਵਾਂ ਮਹੱਤਵਪੂਰਣ ਪੁਰਾਣੀਆਂ ਅਤੇ ਛੂਤ ਦੀਆਂ ਬੀਮਾਰੀਆਂ ਨੂੰ ਸਮਝਣ ਅਤੇ ਉਹਨਾਂ ਦਾ ਮੈਡੀਕਲ ਇਲਾਜ ਵਿਕਸਿਤ ਕਰਨ ਵਿਚ ਲੱਗੀਆਂ ਹੋਈਆਂ ਹਨ। ਭਾਰਤ ਅਤੇ ਅਮਰੀਕਾ ਨੇ ਕਈ ਬੀਮਾਰੀਆਂ ਦਾ ਮੁਕਾਬਲਾ ਕਰਨ ਵਿਚ ਸਹਿਯੋਗ ਕੀਤਾ ਹੈ ਜਿਵੇਂ ਕੈਂਸਰ, ਐੱਚ.ਆਈ.ਵੀ., ਅੱਖਾਂ ਦੇ ਰੋਗ ਆਦਿ।

ਇਸ ਦੇ ਇਲਾਵਾ ਉਹਨਾਂ ਨੇ ਕਿਹਾ ਕਿ ਭਾਰਤ ਵਿਚ 200 ਤੋਂ ਵਧੇਰੇ ਐੱਨ.ਆਈ.ਐੱਚ-ਵਿੱਤ ਪੋਸ਼ਿਤ ਪ੍ਰਾਜੈਕਟ ਹਨ ਜਿਹਨਾਂ ਵਿਚ ਐੱਨ.ਆਈ.ਐੱਚ. ਨੈੱਟਵਰਕ ਨਾਲ 20 ਸੰਸਥਾਵਾਂ ਅਤੇ ਭਾਰਤ ਦੀਆਂ ਕਈ ਵੱਕਾਰੀ ਸੰਸਥਾਵਾਂ ਸ਼ਾਮਲ ਹਨ। ਸੰਧੂ ਨੇ ਕਿਹਾ, ''ਵਿਕਾਸ 'ਚ ਸਾਡੇ ਸਹਿਯੋਗ ਦਾ ਹਾਲ 'ਚ ਹੋਇਆ ਸਫ਼ਲ ਉਦਾਹਰਣ ਰੋਟਾ ਵਾਇਰਸ ਵਿਰੁਧ ਵਿਕਸਿਤ ਕੀਤਾ ਗਿਆ ਟੀਕਾ ਹੈ। ਅਜਿਹੇ  ਸਹਿਯੋਗ ਕੋਵਿਡ 19 ਵਿਰੁਧ ਲੜਾਈ ਵਿਚ ਅਹਿਮ ਹੋਣਗੇ।''