ਪਾਕਿ ਅੱਜ ਤੋਂ ਘਰੇਲੂ ਉਡਾਣਾਂ ਕਰੇਗਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਨਾਲ ਨਿਪਟਣ ਦੇ ਲਈ ਲਾਗੂ ਪਾਬੰਦੀਆਂ ਵਿਚ ਕੁਝ ਢਿੱਲ ਦੇਣ ਤੋਂ ਬਾਅਦ

File Photo

ਇਸਲਾਮਾਬਾਦ, 15 ਮਈ : ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਹਿਰ ਨਾਲ ਨਿਪਟਣ ਦੇ ਲਈ ਲਾਗੂ ਪਾਬੰਦੀਆਂ ਵਿਚ ਕੁਝ ਢਿੱਲ ਦੇਣ ਤੋਂ ਬਾਅਦ ਪਾਕਿਸਤਾਨ ਸਨਿਚਰਵਾਰ ਤੋਂ ਲੜੀਬੱਧ ਤਰੀਕੇ ਨਾਲ ਘਰੇਲੂ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਕਰੇਗਾ। ਕੋਰੋਨਾ ਵਾਇਰਸ ਨਾਲ ਪਾਕਿਸਤਾਨ ਵਿਚ ਹੁਣ ਤਕ 800 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਰਥਵਿਵਸਥਾ ਤੇ ਕੰਮਕਾਜ 'ਤੇ ਲਾਕਡਾਊਨ ਦੇ ਪ੍ਰਭਾਵ ਦੇ ਚੱਲਦੇ ਇਸ ਨੂੰ ਲੜੀਬੱਧ ਤਰੀਕੇ ਨਾਲ ਹਟਾਇਆ ਜਾਵੇਗਾ। 'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਖਬਰ ਮੁਤਾਬਕ ਪਾਕਿਸਤਾਨ ਨਾਗਰ ਐਵੀਏਸ਼ਨ ਅਥਾਰਟੀ ਨੇ ਸਨਿਚਰਵਾਰ ਤੋਂ ਘਰੇਲੂ ਉਡਾਣਾਂ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਪਾਕਿ ਇੰਟਰਨੈਸ਼ਨਲ ਏਅਰਲਾਈਨਜ਼ ਤੇ ਸੇਰੇਨੇ ਏਅਰ ਸਵੇਰੇ ਤੇ ਦੁਪਹਿਰ ਵਿਚ ਉਡਾਣਾਂ ਸੰਚਾਲਿਤ ਕਰੇਗੀ।

ਬਿਆਨ ਵਿਚ ਕਿਹਾ ਗਿਆ ਹੈ ਕਿ 68 ਉਡਾਣਾਂ ਕਰਾਚੀ ਵਿਚ ਜਿੰਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ, 32 ਲਾਹੌਰ ਵਿਚ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ, 32 ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ, 8 ਕਵੇਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਤੇ ਚਾਰ ਪੇਸ਼ਾਵਰ ਵਿਚ ਬਾਚਾ ਖਾਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਚਾਲਿਤ ਹੋਣਗੀਆਂ। ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ ਦੇਸ਼ ਵਿਚ 1,430 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੁਕਰਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 37,218 ਤਕ ਪਹੁੰਚ ਗਈ। ਵਾਇਰਸ ਨਾਲ ਹੁਣ ਤਕ ਕੁੱਲ 10,155 ਮਰੀਜ਼ ਠੀਕ ਹੋ ਚੁੱਕੇ ਹਨ।  (ਪੀਟੀਆਈ)