ਅਮਰੀਕਾ ਤੋਂ ਬਾਹਰ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਤੋਂ ਲਿਆ ਜਾਵੇਗਾ ਟੈਕਸ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਅਪਣੇ ਨਿਰਮਾਣ ਕਾਰੋਬਾਰ ਨੂੰ ਅਮਰੀਕਾ ਲਿਆਉਣ ਦੀ ਥਾਂ ਭਾਰਤ ਅਤੇ ਆਇਰਲੈਂਡ

File Photo

ਵਾਸ਼ਿੰਗਟਨ, 15 ਮਈ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਅਪਣੇ ਨਿਰਮਾਣ ਕਾਰੋਬਾਰ ਨੂੰ ਅਮਰੀਕਾ ਲਿਆਉਣ ਦੀ ਥਾਂ ਭਾਰਤ ਅਤੇ ਆਇਰਲੈਂਡ ਵਰਗੇ ਦੇਸ਼ਾਂ ਵਿਚ ਲੈ ਜਾਣ ਦੀ ਤਿਆਰੀ ਕਰ ਰਹੀਆਂ ਐਪਲ ਵਰਗੀਆਂ ਕੰਪਨੀਆਂ 'ਤੇ ਨਵੇਂ ਟੈਕਸ ਲਾਉਣ ਦੀ ਧਮਕੀ ਦਿਤੀ ਹੈ। ਟਰੰਪ ਨੇ ਫ਼ੋਕਸ ਬਿਜ਼ਨਸ ਨਿਊਜ਼ ਨਾਲ ਇਕ ਇੰਟਰਵੀਊ ਵਿਚ ਕਿਹਾ ਕਿ ਕੰਪਨੀਆਂ ਨੂੰ ਟੈਕਸ 'ਚ ਛੋਟ ਦਿਤੀ ਗਈ ਸੀ ਤਾਕਿ ਉਹ ਅਪਣੇ ਨਿਰਮਾਣ ਕਾਰੋਬਾਰ ਨੂੰ ਵਾਪਸ ਅਮਰੀਕਾ ਲਿਆਉਣ। ਉਨ੍ਹਾਂ ਕਿਹਾ, ''ਐਪਲ ਨੇ ਕਿਹਾ ਹੈ ਕਿ ਹੁਣ ਉਹ ਭਾਰਤ ਜਾਣ ਵਾਲੇ ਹਨ। ਉਹ ਚੀਨ ਤੋਂ ਹੱਟ ਕੇ ਕੁੱਝ ਉਤਪਾਦਨ ਕਰਨ ਜਾ ਰਹੇ ਹਨ।''

ਉਨ੍ਹਾਂ ਨੇ ਕਿਹਾ, ''ਜੇਕਰ ਉਹ ਕਰਦੇ ਹਨ, ਤਾਂ ਤੁਸੀਂ ਸਮਝ ਲਉ ਕਿ ਅਸੀਂ ਐਪਲ ਨੂੰ ਹਲਕਾ ਜਿਹਾ ਝਟਕਾ ਦਿਆਂਗੇ ਕਿਉਂਕਿ ਉਹ ਇਕ ਅਜਿਹੀ ਕੰਪਨੀ ਦੇ ਨਾਲ ਮੁਕਾਬਲਾ ਕਰ ਰਹੇ ਹਨ, ਜੋ ਸਾਡੇ ਵਲੋਂ ਕੀਤੇ ਗਏ ਵਪਾਰ ਸੌਦੇ ਦਾ ਹਿੱਸਾ ਸੀ। ਇਸ ਲਈ ਇਹ ਐਪਲ ਨਾਲ ਥੋੜੀ ਬੇਇਨਸਾਫ਼ੀ ਹੈ, ਪਰ ਅਸੀਂ ਹੁਣ ਇਸ ਦੀ ਇਜਾਜ਼ਤ ਨਹੀਂ ਦਿਆਂਗੇ। ਜੇਕਰ ਅਸੀਂ ਦੂਜੇ ਦੇਸ਼ਾਂ ਦੀ ਤਰ੍ਹਾਂ ਅਪਣੀਆਂ ਸਰਹੱਦਾਂ ਨੂੰ ਬੰਦ ਕਰ ਦਿਆਂਗੇ, ਤਾਂ ਐਪਲ ਅਪਣੇ ਸੌ ਫ਼ੀ ਸਦੀ ਉਤਪਾਦਾਂ ਨੂੰ ਅਮਰੀਕਾ ਵਿਚ ਹੀ ਬਣਾਏਗੀ।'' ਨਿਊਯਾਰਕ ਪੋਸਟ ਮੁਤਾਬਕ ਐਪਲ ਅਪਣੇ ਉਤਪਾਦਨ ਦੇ ਵੱਡੇ ਹਿੱਸੇ ਨੂੰ ਚੀਨ ਤੋਂ ਭਾਰਤ ਲਿਜਾ ਰਹੀ ਹੈ।

ਚੀਨ 'ਚ ਘਾਤਕ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਾਹਮਣੇ ਆਉਣ ਦੇ ਬਾਅਦ ਉਥੇ ਨਿਰਮਾਣ ਕਰਨ ਵਾਲੀ ਕਈ ਟੈਕਨੋਲਾਜੀ ਕੰਪਨੀਆਂ ਦੀਆਂ ਸਪਲਾਈ ਲੜੀਆਂ ਟੁੱਟ ਗਈਆਂ ਹਨ। ਟਰੰਪ ਨੇ ਕਿਹਾ, ''ਇਨ੍ਹਾਂ ਕੰਪਨੀਆਂ ਨੂੰ ਇਹ ਗੱਲ ਸਮਝਣੀ ਹੋਵੇਗੀ, ਕਿਉਂਕਿ ਉਹ ਸਿਰਫ਼ ਚੀਨ ਨਹੀਂ ਜਾ ਰਹੀਆਂ ਹਨ। ਤੁਸੀਂ ਵੇਖੋ ਉਹ ਕਿਥੇ ਜਾ ਰਹੀਆਂ ਹਨ... ਉਹ ਭਾਰਤ ਜਾ ਰਹੀ ਹੈ, ਉਹ ਆਇਰਲੈਂਡ ਜਾ ਰਹੀ ਹੈ ਅਤੇ ਉਹ ਸਾਰੇ ਪਾਸੇ ਜਾ ਰਹੀਆਂ ਹਨ, ਉਹ ਉਨ੍ਹਾਂ ਨੂੰ ਬਣਾਉਣਗੇ।'' ਉਨ੍ਹਾਂ ਨੇ ਕਿਹਾ, ਅਜਿਹੇ ਵਿਚ, ਤੁਹਾਨੂੰ ਨਹੀਂ ਲਗਦਾ ਕਿ ਛੋਟਾਂ ਦੇ ਸਬੰਧ ਵਿਚ ਕੁੱਝ ਕਰਨ ਦੀ ਲੋੜ ਹੈ?'' ਟਰੰਪ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਅਜਿਹਾ ਕਰਨਾ ਪਏਗਾ।''

ਟਰੰਪ ਨੇ ਕਿਹਾ, ''ਗੱਲ ਸਾਫ਼ ਹੈ ਕਿ, ਜਦੋਂ ਉਹ ਉਤਪਾਦਨ ਬਾਹਰ ਕਰਦੇ ਹਨ ਤਾਂ ਉਸ 'ਤੇ ਟੈਕਸ ਲਾਉਣਾ ਇਕ ਉਪਾਅ ਹੈ। ਸਾਨੂੰ ਉਨ੍ਹਾਂ ਲਈ ਜ਼ਿਆਦਾ ਕੁੱਝ ਕਰਨ ਦੀ ਲੋੜ ਨਹੀਂ। ਉਨ੍ਹਾਂ ਨੂੰ ਸਾਡੇ ਲਈ ਕਰਨਾ ਹੋਵੇਗਾ। ਟਰੰਪ ਨੇ ਕਿਹਾ ਕਿ ਉਹ ਨਿਰਮਾਣ ਨੂੰ ਅਮਰੀਕਾ ਵਿਚ ਵਾਪਸ ਲਿਆਉਣਾ ਚਾਹੁੰਦੇ ਹਨ।  (ਪੀਟੀਆਈ)