ਅਮਰੀਕਾ ਨੇ ਚੀਨ ਤੋਂ ਬੁੱਧ ਧਰਮ ਦੇ 11ਵੇਂ ਪੰਚੇਨ ਲਾਮਾ ਨੂੰ ਰਿਹਾਅ ਕਰਨ ਦੀ ਮੰਗ ਕੀਤੀ
6 ਸਾਲ ਦੀ ਉਮਰ 'ਚ ਕੀਤਾ ਸੀ ਗ੍ਰਿਫ਼ਤਾਰ
ਵਾਸ਼ਿੰਗਟਨ, 15 ਮਈ: ਅਮਰੀਕਾ ਨੇ ਚੀਨ ਤੋਂ ਬੁੱਧ ਧਰਮ ਦੇ ਤਿੱਬਤੀ 11ਵੇਂ ਪੰਚੇਨ ਲਾਮਾ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। 25 ਸਾਲ ਪਹਿਲਾਂ ਜਦੋਂ ਪੰਚੇਨ ਲਾਮਾ 6 ਸਾਲਾਂ ਦਾ ਸੀ, ਤਾਂ ਉਸ ਨੂੰ ਚੀਨੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਤਿੱਬਤ ਦੇ ਗਝੁਨ ਚੋਕੀ ਨਿਆਮਾ ਨੂੰ 1995 ਵਿਚ 11ਵਾਂ ਪੰਚਨ ਲਾਮਾ ਐਲਾਨਿਆ ਗਿਆ ਸੀ। ਪੰਚੇਨ ਲਾਮਾ ਤਿੱਬਤ ਵਿਚ ਦਲਾਈ ਲਾਮਾ ਤੋਂ ਬਾਅਦ ਬੁੱਧ ਧਰਮ ਵਿਚ ਦੂਜਾ ਸੱਭ ਤੋਂ ਵੱਡਾ ਅਧਿਆਤਮਕ ਅਹੁਦਾ ਹੈ।
ਇਸ ਐਲਾਨ ਤੋਂ ਕੁੱਝ ਦਿਨ ਬਾਅਦ ਨਾਇਮਾ ਲਾਪਤਾ ਹੋ ਗਿਆ ਸੀ ਅਤੇ ਵਿਸ਼ਵ ਦੇ ਸੱਭ ਤੋਂ ਘੱਟ ਉਮਰ ਦੇ ਰਾਜਨੀਤਕ ਕੈਦੀ ਬਣ ਗਏ ਸੀ। ਅੰਤਰਰਾਸ਼ਟਰੀ ਧਾਰਮਕ ਅਜ਼ਾਦੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸੈਮ ਬ੍ਰਾਉਨਬੈਕ ਨੇ ਵੀਰਵਾਰ ਨੂੰ ਇਕ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਦਸਿਆ, ''ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਹੈ”ਅਤੇ ਅਸੀਂ ਚੀਨੀ ਅਧਿਕਾਰੀਆਂ 'ਤੇ ਪੰਚੇਨ ਲਾਮਾ ਨੂੰ ਰਿਹਾ ਕਰਨ ਲਈ ਦਬਾਅ ਬਣਾਉਣਾ ਜਾਰੀ ਰੱਖਾਂਗੇ।
ਦੁਨੀਆਂ ਨੂੰ ਦੱਸੋ ਕਿ ਉਹ ਕਿੱਥੇ ਹੈ।'' ਇਕ ਸਵਾਲ ਦੇ ਜਵਾਬ ਵਿਚ ਬ੍ਰਾਉਨਬੈਕ ਨੇ ਕਿਹਾ ਕਿ ਚੀਨ ਅਗਲਾ ਦਲਾਈ ਲਾਮਾ ਨਿਯੁਕਤ ਕਰਨ ਦੇ ਅਧਿਕਾਰ ਬਾਰੇ ਲਗਾਤਾਰ ਗੱਲ ਕਰਦਾ ਰਿਹਾ ਹੈ, ਹਾਲਾਂਕਿ ਉਸ ਨੂੰ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ।
ਇਸ ਦੌਰਾਨ, ਅਮਰੀਕੀ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ਼ਰੀਡਮ (ਯੂ.ਐਸ.ਸੀ.ਆਈ.ਆਰ.ਐਫ਼.) ਨੇ ਦੁਬਾਰਾ ਵਿਦੇਸ਼ ਮੰਤਰਾਲੇ ਤੋਂ ਉਸ ਨੂੰ ਤਿੱਬਤੀ ਮਾਮਲਿਆਂ ਦੇ ਵਿਸ਼ੇਸ਼ ਕੋ-ਆਰਡੀਨੇਟਰ ਦੇ ਅਹੁਦੇ 'ਤੇ ਭਰਤੀ ਕਰਨ ਦੀ ਮੰਗ ਕੀਤੀ ਹੈ।